ਬੜੂ ਸਾਹਿਬ ਨੂੰ ਪ੍ਰਗਟ ਕਰਨ ਦਾ ਸੰਕਲਪ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ੧੧੦ ਸਾਲ ਪਹਿਲਾਂ ਫੁਰਿਆ ਸੀ, ਜਿਸ ਨੂੰ ਬਾਅਦ ਵਿਚ ਉਨ੍ਹਾਂ ਦੇ ਸੇਵਕ ਸੰਤ ਬਾਬਾ ਤੇਜਾ ਸਿੰਘ ਜੀ (ਏ. ਐਮ. ਹਾਵਰਡ, ਐਮ.ਏ., ਐੱਲ. ਐੱਲ. ਬੀ.) ਨੇ ਪ੍ਰਗਟ ਕੀਤਾ ਤੇ ਉਨ੍ਹਾਂ ਵੱਲੋਂ ਇਸ ਨੂੰ ਅਮਲੀ ਰੂਪ ਦੇਣ ਲਈ ਕਲਗੀਧਰ ਟ੍ਰਸਟ/ਸੋਸਾਇਟੀ ਦੀ ਸਥਾਪਨਾ ਕੀਤੀ ਗਈ। […]

ਬੜੂ ਸਾਹਿਬ ਨੂੰ ਪ੍ਰਗਟ ਕਰਨ ਦਾ ਸੰਕਲਪ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ੧੧੦ ਸਾਲ ਪਹਿਲਾਂ ਫੁਰਿਆ ਸੀ, ਜਿਸ ਨੂੰ ਬਾਅਦ ਵਿਚ ਉਨ੍ਹਾਂ ਦੇ ਸੇਵਕ ਸੰਤ ਬਾਬਾ ਤੇਜਾ ਸਿੰਘ ਜੀ (ਏ. ਐਮ. ਹਾਵਰਡ, ਐਮ.ਏ., ਐੱਲ. ਐੱਲ. ਬੀ.) ਨੇ ਪ੍ਰਗਟ ਕੀਤਾ ਤੇ ਉਨ੍ਹਾਂ ਵੱਲੋਂ ਇਸ ਨੂੰ ਅਮਲੀ ਰੂਪ ਦੇਣ ਲਈ ਕਲਗੀਧਰ ਟ੍ਰਸਟ/ਸੋਸਾਇਟੀ ਦੀ ਸਥਾਪਨਾ ਕੀਤੀ ਗਈ। ਫਿਰ ਇਸ ਦੀ ਰਜਿਸਟ੍ਰੇਸ਼ਨ ੧੯੮੨ ਵਿੱਚ ਸੰਤ ਤੇਜਾ ਸਿੰਘ ਜੀ ਦੇ ਸੇਵਕ ਬਾਬਾ ਇਕਬਾਲ ਸਿੰਘ ਵੱਲੋਂ ਕਰਵਾਈ ਗਈ। ਮੌਜੂਦਾ ਸਮੇਂ ਇਸ ਟ੍ਰਸਟ ਦੀ ਸਾਰੀ ਸੇਵਾ-ਸੰਭਾਲ ਤੇ ਦੇਖ-ਰੇਖ ਬਾਬਾ ਇਕਬਾਲ ਸਿੰਘ ਜੀ ਤੇ ਉਨ੍ਹਾਂ ਸਹਿ-ਜਮਾਤੀ ਡਾ. ਖੇਮ ਸਿੰਘ ਜੀ (ਰਿਟਾਇਰਡ ਵਾਈਸ ਚਾਂਸਲਰ, ਪੀ.ਏ.ਯੂ. ਲੁਧਿਆਣਾ) ਵੱਲੋਂ ਕੀਤੀ ਜਾ ਰਹੀ ਹੈ। ਇਸ ਸੰਸਥਾ ਦਾ ਮੁੱਖ ਮਿਸ਼ਨ ਨੈਤਿਕ ਕਦਰਾਂ-ਕੀਮਤਾਂ ‘ਤੇ ਅਧਾਰਿਤ ਆਧੁਨਿਕ ਵਿਦਿਆ ਰਾਹੀਂ ਨੇਕ ਗੁਣਾਂ ਵਾਲੇ ਇਨਸਾਨ ਪੈਦਾ ਕਰਨਾ ਹੈ। ਇਸ ਸੰਸਥਾ ਦੇ ਵਿਦਿਅਕ ਸਫਰ ਦੀ ਆਰੰਭਤਾ ੧੯੮੬ ਈ: ਵਿਚ ਹੋਈ। ੧੯੮੬ ਤੋਂ ਲੈ ਕੇ ਹੁਣ ਤੱਕ ੩੦ ਸਾਲਾਂ ਵਿਚ ਇਸ ਸੰਸਥਾ ਵੱਲੋਂ ੧੨੯ ਅਕਾਲ ਅਕੈਡਮੀਆਂ, ੨ ਯੂਨੀਵਰਸਿਟੀਆਂ, ੧ ਡਿਜੀਟਲ ਆਨਲਾਈਨ ਯੂਨੀਵਰਸਿਟੀ ਅਮਰੀਕਾ, ੧ ਚੈਰੀਟੇਬਲ ਹਸਪਤਾਲ, ੨ ਨਸ਼ਾਂ ਛਡਾਊ ਕੇਂਦਰ ਤੇ ਸਮਾਜ ਭਲਾਈ ਦੇ ਕਈ ਹੋਰ ਅਦਾਰੇ ਸ਼ੁਰੂ ਕੀਤੇ ਜਾ ਚੁੱਕੇ ਹਨ।

ਅਕਾਲ ਅਕੈਡਮੀ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਆਪਣਾ ਸਾਦਾ ਜੀਵਨ ਤੇ ਉੱਚੀ ਸੋਚ ਹੋਣ ਕਾਰਨ ਸਮਾਜ ‘ਤੇ ਬਹੁਤ ਚੰਗਾ ਪ੍ਰਭਾਵ ਪਾਇਆ ਹੈ। ਛੋਟੇ-ਛੋਟੇ ਬੱਚੇ ਵੀ ਆਪਣੇ ਪਰਿਵਾਰ, ਆਂਢ-ਗੁਆਂਢ ਤੇ ਰਿਸ਼ਤੇਦਾਰਾਂ ਨੂੰ ਨਸ਼ੇ, ਕਰਮ-ਕਾਂਡ ਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਹਟਾ ਕੇ ਗੁਰਮਤਿ ਨਾਲ ਜੁੜਨ ਲਈ ਪ੍ਰੇਰਨਾ ਸ੍ਰੋਤ ਬਣ ਰਹੇ ਹਨ। ਪਿਛੜੇ ਹੋਏ ਤੇ ਪੇਂਡੂ ਇਲਾਕੇ ਦੇ ਵਿਦਿਆਰਥੀ ਵੀ ਇਨ੍ਹਾਂ ਅਕਾਲ ਅਕੈਡਮੀਆਂ ਵਿਚ ਪੜ੍ਹ ਕੇ ਵਿਗਿਆਨਿਕ, ਖੋਜੀ ਤੇ ਉੱਚ-ਕੋਟੀ ਦੇ ਇੰਜੀਨੀਅਰ ਬਣੇ ਹਨ। ਇਨ੍ਹਾਂ ਵਿਦਿਆਰਥੀਆਂ ਵਿਚੋਂ ਹੀ ਕੁਝ ਵਿਦਿਆਰਥੀ ਨਾਸਾ ਵਰਗੇ ਸੈਂਟਰ ਵਿਚ ਵੀ ਪੜ੍ਹ ਰਹੇ ਹਨ। ਇਸ ਸੰਸਥਾ ਵਿਚ ਕੰਮ ਕਰਨ ਵਾਲੇ ਵਰਕਰਾਂ ਤੇ ਸੇਵਾਦਾਰਾਂ ਦੀ ਚੋਣ ਬਾਬਾ ਇਕਬਾਲ ਸਿੰਘ ਵੱਲੋਂ ਕੀਤੀ ਗਈ ਹੈ ਤੇ ਉਹ ਸਾਰੇ ਬਾਬਾ ਜੀ ਦੀ ਰਹਿਨੁਮਾਈ ਹੇਠ ਦਿਨ-ਰਾਤ ਨਿਸ਼ਕਾਮ ਸੇਵਾ ਕਰ ਰਹੇ ਹਨ। ਬਾਬਾ ਜੀ ਵੱਲੋਂ ਇਸ ਸੰਸਥਾ ਵਿਚ ਕੰਮ ਕਰਨ ਵਾਲੇ ਸਾਰੇ ਸੇਵਾਦਾਰਾਂ ਨੂੰ ਸੰਸਾਰਿਕ ਪਦਾਰਥਾਂ ਵੱਲੋਂ ਤਿਆਗ ਤੇ ਵੈਰਾਗ ਦਾ ਉਪਦੇਸ਼ ਦ੍ਰਿੜ ਕਰਵਾ ਕੇ ਮਨੁੱਖਤਾ ਦੇ ਭਲੇ ਲਈ ਕਾਰਜ਼ ਕਰਨ ਦਾ ਸਬਕ ਸਿਖਾਇਆ ਜਾਂਦਾ ਹੈ। ਐਮ.ਬੀ.ਬੀ.ਐੱਸ ਤੇ ਐਮ.ਡੀ. ਡਾ. ਦਵਿੰਦਰ ਸਿੰਘ ਜੀ ਸਭ ਲਈ ਇੱਕ ਮਿਸਾਲ ਹਨ, ਜੋ ਕਿ ੧੯੯੨ ਤੋਂ ਇਸ ਟ੍ਰਸਟ ਦੇ ਸਕੱਤਰ (ਸੈਕਟਰੀ) ਵਜੋਂ ਨਿਸ਼ਕਾਮ ਸੇਵਾ ਨਿਭਾ ਰਹੇ ਹਨ। ਟ੍ਰਸਟ ਦੇ ਸਾਰੇ ਕੰਮਾਂ-ਕਾਰਾਂ ਵਿਚ ਡਾ. ਦਵਿੰਦਰ ਸਿੰਘ ਜੀ ਦੀ ਸੁਪਤਨੀ ਡਾ. ਨੀਲਮ ਕੌਰ (ਐਮ.ਬੀ.ਬੀ.ਐਸ., ਐਮ.ਐਸ.) ਉਨ੍ਹਾਂ ਨੂੰ ਪੂਰਨ ਸਹਿਯੋਗ ਦੇ ਰਹੇ ਹਨ ਜੋ ਕਿ ਸਾਰੀਆਂ ਅਕਾਲ ਅਕੈਡਮੀਆਂ ਦੇ ਡਾਇਰੈਕਟਰ ਦੇ ਤੌਰ ‘ਤੇ ਸੇਵਾ ਨਿਭਾ ਰਹੇ ਹਨ। ਭਾਵੇਂ ਕਿ ਇਸ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਵਾਲੀ ਵਿਦਿਆ ਪ੍ਰਦਾਨ ਕਰਵਾਉਣਾ ਹੈ, ਪਰ ਇਸ ਦੇ ਨਾਲ-ਨਾਲ ਬੱਚਿਆਂ ਨੂੰ ਧਰਮ ਅਤੇ ਗੁਰਮਤਿ ਵਿਚ ਵੀ ਪਰਪੱਕ ਕੀਤਾ ਜਾ ਰਿਹਾ ਹੈ। ਬਾਬਾ ਇਕਬਾਲ ਸਿੰਘ ਜੀ ਆਪਣੇ ਸੇਵਾਦਾਰ ਨੂੰ ਹਮੇਸ਼ਾਂ ਤਿਆਗ-ਵੈਰਾਗ, ਹੁਕਮ ਮੰਨਣ ਤੇ ਪ੍ਰਭੂ ਭਾਣੇ ਵਿਚ ਵਿਚਰਣ ਦਾ ਉਪਦੇਸ਼ ਦਿੰਦੇ ਹਨ।

ਸੰਤ ਅਤਰ ਸਿੰਘ ਜੀ ਦੇ ਜਨਮ ਅਸਥਾਨ ਚੀਮਾਂ ਸਾਹਿਬ ਵਿਖੇ ਹਾਲ ਹੀ ਵਾਪਰੀ ਘਟਨਾਂ ਬਹੁਤ ਹੀ ਮੰਦਭਾਗੀ ਹੈ, ਜਿਸ ਪਿੱਛੇ ਆਪਣੀ ਘਰੇਲੂ ਰੰਜ਼ਸ ਕੱਢਣ ਲਈ ਕੁਝ ਸ਼ਰਾਰਤੀ ਅਨਸਰਾਂ ਦਾ ਹੱਥ ਹੈ। ਇਹ ਘਟਨਾਂ ਉਦੋਂ ਵਾਪਰੀ ਜਦੋਂ ਟ੍ਰਸਟ ਦੇ ਇੱਕ ਸੇਵਾਦਾਰ ਵੱਲੋਂ ਟ੍ਰਸਟ ਦੇ ਨਿਯਮਾਂ ਦਾ ਪਾਲਣ ਨਾ ਕਰਨ ਕਰਕੇ ਅਤੇ ਪੈਸਿਆਂ ਵਿਚ ਕੁਝ ਹੇਰ-ਫੇਰ ਕਰਨ ‘ਤੇ ਬਾਬਾ ਇਕਬਾਲ ਸਿੰਘ ਜੀ (ਚੇਅਰਮੈਨ ਕਲਗੀਧਰ ਟ੍ਰਸਟ) ਵੱਲੋਂ ਉਸ ਦੀ ਬਦਲੀ ਦਾ ਆਦੇਸ਼ ਜਾਰੀ ਕੀਤਾ ਗਿਆ। ਉਸ ਸੇਵਾਦਾਰ ਵੱਲੋਂ ਬਾਬਾ ਇਕਬਾਲ ਸਿੰਘ ਵੱਲੋਂ ਜਾਰੀ ਕੀਤੇ ਗਏ ਬਦਲੀ ਦੇ ਇਸ ਆਦੇਸ਼ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਤੇ ਪਿੰਡ ਦੇ ਭੋਲੇ-ਭਾਲੇ ਲੋਕਾਂ ਨੂੰ ਬੜੀ ਚਲਾਕੀ ਨਾਲ ਗੁਮਰਾਹ ਕਰਕੇ ਬਾਬਾ ਜੀ ਦੇ ਖਿਲਾਫ ਭੜਕਾਇਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਬਾਬਾ ਜੀ ਨੇ ਉਸ ਨੂੰ ਟ੍ਰਸਟ ਵਿਚੋਂ ਬੇਦਖਲ ਕਰ ਦਿੱਤਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਬਾਬਾ ਜੀ ਵਡੇਰੀ ਉਮਰ ਦੇ ਹੋ ਜਾਣ ਕਰਕੇ ਆਪਣੀ ਸੁੱਧ-ਬੁੱਧ ਖੋ ਚੁੱਕੇ ਹਨ ਤੇ ਉਨ੍ਹਾਂ ਨੂੰ ਸਹੀ-ਗਲਤ ਦਾ ਪਤਾ ਨਹੀਂ ਲੱਗ ਰਿਹਾ। ਇਹ ਬਹੁਤ ਦੀ ਦੁੱਖਦਾਈ ਤੇ ਅਫਸੋਸ ਜਨਕ ਗੱਲ ਹੈ ਕਿ ਇੱਕ ੯੦ ਸਾਲਾਂ ਦੇ ਸੁਲਝੇ ਹੋਏ ਤੇ ਮਹਾਂਪੁਰਸ਼ ਦੇ ਖਿਲਾਫ ਇਸ ਤਰ੍ਹਾ ਦੀ ਕੂੜ ਸ਼ਬਦਾਵਲੀ ਵਰਤੀ ਜਾ ਰਹੀ ਹੈ।

ਉਪਰੋਕਤ ਸੰਦੇਸ਼ ਰਾਹੀਂ ਬਾਬਾ ਇਕਬਾਲ ਸਿੰਘ ਜੀ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਉਹ ਪੂਰਨ ਤੌਰ ‘ਤੇ ਤੰਦਰੁਸਤ ਹਨ ਤੇ ਸੰਤ ਤੇਜਾ ਸਿੰਘ ਜੀ ਦੁਆਰਾ ਪਾਏ ਗਏ ਪੂਰਨਿਆਂ ‘ਤੇ ਚਲਦੇ ਹੋਏ ਟ੍ਰਸਟ ਨੂੰ ਸਹੀ ਦਿਸ਼ਾ-ਨਿਰਦੇਸ਼ ਦੇ ਕੇ ਚਲਾ ਕੇ ਚਲਾ ਰਹੇ ਹਨ। ਬਾਬਾ ਜੀ ਦਾ ਕਹਿਣਾ ਹੈ ਕਿ ਸੰਤ ਅਤਰ ਸਿੰਘ ਜੀ ਦੇ ਬਚਨਾਂ ਅਨੁਸਾਰ ਹੁਕਮ ਮੰਨਣਾ ਤੇ ਸੱਤ ਬਚਨ ਕਹਿਣਾ ਬਹੁਤ ਵੱਡੀ ਸੇਵਾ ਅਤੇ ਤਪਾਂ ਸਿਰ ਤਪ ਹੈ। ਰੂਹਾਨੀ ਰਸਤੇ ਦਾ ਪਾਂਧੀ ਆਪਣੇ ਅਧਿਆਤਮਿਕ ਆਗੂ ਦੀ ਹੁਕਮ ਅਦੂਲੀ ਕਰਕੇ ਕਦੇ ਵੀ ਆਪਣੀ ਮੰਜਿਲ ‘ਤੇ ਨਹੀਂ ਪਹੁੰਚ ਸਕਦਾ। ਬਾਬਾ ਜੀ ਨੇ ਕਿਹਾ ਕਿ ਸੇਵਾ ਵਿਚ ਅਹੁਦੇ ਦੀ ਪਕੜ ਤੇ ਦੁਨਿਆਵੀ ਮਾਣ-ਵਡਿਆਈ ਦੀ ਭੁੱਖ ਰੱਖਣ ਵਾਲੇ ਇਨਸਾਨ ਦਾ ਸੰਤ ਅਤਰ ਸਿੰਘ ਜੀ ਦੇ ਆਸ਼ੇ ਵਾਲੀ ਇਸ ਸੰਸਥਾ ਵਿਚ ਕੋਈ ਸਥਾਨ ਨਹੀਂ ਹੈ।

ਸੰਸਥਾ ਦੀ ਪਹਿਚਾਣ ਤੇ ਦਿਖ ਨੂੰ ਧੁੰਧਲਾ ਕਰਨ ਲਈ ਚੀਮਾਂ ਸਾਹਿਬ ਵਿਖੇ ਜੋ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹ ਲੂੰਬੜ ਚਾਲਾਂ ਚੱਲੀਆਂ ਜਾ ਰਹੀਆਂ ਹਨ ਤੇ ਸੰਸਥਾ ਦੇ ਸੇਵਾਦਾਰਾਂ ਨੂੰ ਮਾਰ ਦੇਣ ਦੀਆਂ ਧਮਕੀਆਂ ਤੇ ਖੂਨ-ਖਰਾਬੇ ਵਾਲੀਆਂ ਹੋਰ ਗੈਰ-ਕਾਨੂੰਨੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਉਹ ਬਹੁਤ ਮੰਦਭਾਗੀਆਂ ਹਨ ਤੇ ਬਾਬਾ ਜੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਦਾ ਬਹੁਤ ਅਫਸੋਸ ਤੇ ਦੁੱਖ ਹੈ।

ਬਾਬਾ ਜੀ ਨੇ ਕਿਹਾ ਕਿ ਇਸ ਸੰਸਥਾ ਦਾ ਮੁੱਖ ਮਿਸ਼ਨ ਸਮਾਜ ਦੀ ਸੇਵਾ ਕਰਕੇ ਪਰਮਾਤਮਾਂ ਦੀ ਕਿਰਪਾ ਦਾ ਪਾਤਰ ਬਣਨਾ ਤੇ ਸੰਗਤ ਦੀਆਂ ਖੁਸ਼ੀਆਂ ਲੈਣਾ ਹੈ ਤੇ ਅਸੀਂ ਅਜਿਹੇ ਸ਼ਰਾਰਤੀ ਅਨਸਰਾਂ ਦੀਆਂ ਲੂੰਬੜ ਚਾਲਾਂ ਤੇ ਗੈਰ-ਕਾਨੂੰਨੀ ਗਤੀ-ਵਿਧੀਆਂ ਵਿਚ ਵਿਸ਼ਵਾਸ਼ ਨਹੀਂ ਕਰਦੇ ਤੇ ਉਨ੍ਹਾਂ ਨੂੰ ਇਸ ਦੇਸ਼ ਦੇ ਸਵਿਧਾਨ ਤੇ ਕਾਨੂੰਨ ਤੇ ਪੂਰਨ ਭਰੋਸਾ ਹੈ ਤੇ ਪ੍ਰਸ਼ਾਸ਼ਨ ਵੱਲੋਂ ਅਜਿਹੀਆਂ ਗੈਰ-ਸਵਿਧਾਨਿਕ ਘਟਨਾਵਾਂ ਨੂੰ ਜਲਦੀ ਹੀ ਕਾਨੂੰਨੀ ਕਰਵਾਈ ਕਰਦਿਆਂ ਹੋਇਆਂ ਨੱਥ ਪਾ ਲਈ ਜਾਵੇਗੀ। ਚੀਮਾ ਸਾਹਿਬ ਵਿਖੇ ਹੋ ਰਹੀ ਇਸ ਗੁੰਡਾ-ਗਰਦੀ ਦੇ ਕਾਰਨ ੧੨੯ ਅਕਾਲ ਅਕੈਡਮੀਆਂ ਵਿਚ ਪੜ੍ਹ ਰਹੇ ੬੦ ਹਜ਼ਾਰ ਵਿਦਿਆਰਥੀ, ਉਨ੍ਹਾਂ ਦੇ ਮਾਪੇ, ਸਕੂਲ ਸਟਾਫ ਤੇ ਸੰਸਥਾ ਨਾਲ ਜੁੜੇ ਹੋਰ ਸ਼ਰਧਾਲੂਆਂ ਵਿਚ ਡਰ ਅਤੇ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਪੈਦਾ ਹੋਏ ਇਸ ਮਾਹੌਲ ਕਾਰਨ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸੰਸਥਾ ਨੂੰ ਕੁਝ ਸਮੇਂ ਲਈ ਸਕੂਲ ਬੰਦ ਕਰਨੇ ਪੈ ਰਹੇ ਹਨ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਬਾਬਾ ਜੀ ਵੱਲੋਂ ਸੰਗਤ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਵਿਘੜੇ ਹੋਏ ਮਾਹੌਲ ਵਿਚ ਸ਼ਾਂਤੀ ਬਣਾਈ ਰੱਖਣ ਤੇ ਕਲਗੀਧਰ ਟ੍ਰਸਟ ਜੋ ਕਿ ਪਿਛਲੇ ੩੦ ਸਾਲਾਂ ਤੋਂ ਗੁਰੂ ਕ੍ਰਿਪਾ ਸਦਕਾ ਮਾਨਵਤਾ ਦੀ ਸੇਵਾ ਕਰ ਰਿਹਾ ਹੈ, ਉਸ ਨਾਲ ਜੁੜੇ ਰਹਿਣ ਤੇ ਸੰਤ ਅਤਰ ਸਿੰਘ ਜੀ ਉਪਰ ਪੂਰਨ ਭਰੋਸਾ ਰੱਖਣ।

~ ਪ੍ਰਧਾਨ ਕਲਗੀਧਰ ਟ੍ਰਸਟ/ਸੋਸਾਇਟੀ – ਬਾਬਾ ਇਕਬਾਲ ਸਿੰਘ ਜੀ,
~ ਉਪ-ਪ੍ਰਧਾਨ ਕਲਗੀਧਰ ਟ੍ਰਸਟ/ਸੋਸਾਇਟੀ – ਡਾ. ਖੇਮ ਸਿੰਘ ਜੀ,
~ ਸਕੱਤਰ ਕਲਗੀਧਰ ਟ੍ਰਸਟ/ਸੋਸਾਇਟੀ – ਡਾ. ਦਵਿੰਦਰ ਸਿੰਘ ਜੀ