ਬਚਾ ਲਓ ਕੋਈ ਸਿੱਖ ਵਿਰਾਸਤ ਸੈਨ ਹੋਜ਼ੇ (ਚਰਨਜੀਤ ਸਿੰਘ ਪੰਨੂ): ‘ਬਚਾ ਲਓ ਕੋਈ ਸਿੱਖ ਵਿਰਾਸਤ!’ ਇਹ ਗੁਹਾਰ ਪਿਛਲੇ ਦਿਨੀਂ ਇੰਗਲੈਂਡ ਤੋਂ ਆਏ ਪ੍ਰਸਿੱਧ ਇਤਿਹਾਸਕਾਰ ਅਤੇ ਫਿਲਮਸਾਜ਼ ਬੌਬੀ ਬਾਂਸਲ ਨੇ ਸਿੱਖ ਫਾਊਂਡੇਸ਼ਨ ਅਮਰੀਕਾ ਵੱਲੋਂ ਸਟੈਨਫੋਰਡ ਯੂਨੀਵਰਸਿਟੀ ਪਾਲੋ-ਆਲਟੋ ਵਿਖੇ ਉਨ੍ਹਾਂ ਨਾਲ ਇਕ ਰੂਬਰੂ ਦੌਰਾਨ ਲਾਈ। ਜ਼ਿਕਰਯੋਗ ਹੈ ਕਿ ਇੰਗਲੈਂਡ ਦੇ ਜੰਮਪਲ ਬੌਬੀ ਸਿੰਘ ਬਾਂਸਲ ਨੇ ਮਹਾਰਾਜਾ ਰਣਜੀਤ […]

ਬਚਾ ਲਓ ਕੋਈ ਸਿੱਖ ਵਿਰਾਸਤ

ਸੈਨ ਹੋਜ਼ੇ (ਚਰਨਜੀਤ ਸਿੰਘ ਪੰਨੂ): ‘ਬਚਾ ਲਓ ਕੋਈ ਸਿੱਖ ਵਿਰਾਸਤ!’ ਇਹ ਗੁਹਾਰ ਪਿਛਲੇ ਦਿਨੀਂ ਇੰਗਲੈਂਡ ਤੋਂ ਆਏ ਪ੍ਰਸਿੱਧ ਇਤਿਹਾਸਕਾਰ ਅਤੇ ਫਿਲਮਸਾਜ਼ ਬੌਬੀ ਬਾਂਸਲ ਨੇ ਸਿੱਖ ਫਾਊਂਡੇਸ਼ਨ ਅਮਰੀਕਾ ਵੱਲੋਂ ਸਟੈਨਫੋਰਡ ਯੂਨੀਵਰਸਿਟੀ ਪਾਲੋ-ਆਲਟੋ ਵਿਖੇ ਉਨ੍ਹਾਂ ਨਾਲ ਇਕ ਰੂਬਰੂ ਦੌਰਾਨ ਲਾਈ। ਜ਼ਿਕਰਯੋਗ ਹੈ ਕਿ ਇੰਗਲੈਂਡ ਦੇ ਜੰਮਪਲ ਬੌਬੀ ਸਿੰਘ ਬਾਂਸਲ ਨੇ ਮਹਾਰਾਜਾ ਰਣਜੀਤ ਸਿੰਘ ਸਮੇਂ ਦੇ ਸਿੱਖ ਇਤਿਹਾਸ ਦੀ ਭਰਪੂਰ ਖੋਜ ਕਰ ਕੇ ਬਹੁਤ ਸਾਰੀਆਂ ਦੁਰਲਭ ਨਿਸ਼ਾਨੀਆਂ ਤੇ ਘਟਨਾਵਾਂ ਦੀ ਨਿਸ਼ਾਨਦੇਹੀ ਕਰ ਵਿਖਾਈ ਹੈ।

ਮਹਾਰਾਜਾ ਰਣਜੀਤ ਸਿੰਘ ਸਮੇਂ ਦੀਆਂ ਇਤਿਹਾਸਕ ਨਿਸ਼ਾਨੀਆਂ/ਲੱਭਤਾਂ ਬਾਰੇ ਗੋਸ਼ਟੀ ਵਿਚ ਵਿਰਾਸਤ ਸੰਭਾਲ ਯਤਨਾਂ ਬਾਰੇ ਨਿਘਾਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ, ‘ਬਚਾ ਲਓ ਕੋਈ ਸਿੱਖ ਵਿਰਾਸਤ!’ ਉਨ੍ਹਾਂ ਦੱਸਿਆ ਕਿ ਜਿੱਥੇ ਹੁਣ ਭਾਰਤ, ਪੰਜਾਬ ਤੋਂ ਲੋਕ ਰੁਜ਼ਗਾਰ ਵਾਸਤੇ ਬਾਹਰਲੇ ਦੇਸ਼ਾਂ ਨੂੰ ਦੌੜਦੇ ਰਹੇ ਹਨ, ਉਥੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵੇਲੇ ਦੂਰ ਦੁਰਾਡਿਓਂ ਰੁਜ਼ਗਾਰ ਵਾਸਤੇ ਯਾਤਰੀ ਉਸ ਦੇ ਦਰਬਾਰ ਵਿਚ ਪੁੱਜਦੇ ਤੇ ਨੌਕਰੀ ਕਰਦੇ ਰਹੇ ਹਨ। ਉਸ ਦੇ ਦਰਬਾਰ ਵਿਚ ਅਮਰੀਕਾ, ਹਾਲੈਂਡ, ਪਰਸ਼ੀਆ, ਯੂਨਾਨ, ਸਪੇਨ, ਹਾਲੈਂਡ ਆਦਿ ਤੋਂ ਲੋਕ ਨੌਕਰੀ ਕਰਦੇ ਰਹੇ। ਸ. ਬਾਂਸਲ ਨੇ ਪਹਿਲਾਂ ਦੋ ਪੁਸਤਕਾਂ ‘ਦਾ ਕੋਰਟ ਆਫ ਲਾਹੌਰ’ ਅਤੇ ‘ਦਾ ਲਾਇਨਜ਼ ਫਰੰਗੀਜ਼… ਯੂਰਪੀਨਜ਼ ਐਟ ਦਾ ਕੋਰਟ ਆਫ ਲਾਹੌਰ’ ਛਪਵਾਈਆਂ ਹਨ ਜਿਨ੍ਹਾਂ ਦਾ ਵਿਸ਼ਵ ਭਰ ਵਿਚ ਸਵਾਗਤ ਕੀਤਾ ਗਿਆ ਹੈ। ਇਸ ਉਪਰੰਤ ‘ਦਾ ਸਿੱਖਸ ਆਫ ਕਾਬਲ’ ਸਮੇਤ ਉਨ੍ਹਾਂ ਦੀਆਂ ਕਈ ਦਸਤਾਵੇਜ਼ੀ ਫਿਲਮਾਂ ਵੀ ਦਰਸ਼ਕਾਂ ਨੇ ਬਹੁਤ ਪਸੰਦ ਕੀਤੀਆਂ ਹਨ। ਉਨ੍ਹਾਂ ਨੂੰ ਪੇਸ਼ਾਵਰ, ਲਾਹੌਰ, ਅੰਮ੍ਰਿਤਸਰ, ਪਟਿਆਲਾ ਸਮੇਤ ਪਾਕਿਸਤਾਨ ਤੇ ਭਾਰਤ ਦੀਆਂ ਕਈ ਯੂਨੀਵਰਸਿਟੀਆਂ ਵਿਚ ਗਿਆਨ ਭਰਪੂਰ ਭਾਸ਼ਣ ਦੇਣ ਦਾ ਮੌਕਾ ਮਿਲਿਆ ਹੈ।

ਇਸ ਮੌਕੇ ਪ੍ਰਸਿੱਧ ਸਿੱਖ ਵਿਗਿਆਨੀ (ਫਾਦਰ ਆਫ ਫਾਈਬਰ ਆਪਟਿਕ) ਡਾ. ਨਰਿੰਦਰ ਸਿੰਘ ਕਪਾਨੀ ਵੱਲੋਂ ਸਿੱਖ ਇਤਿਹਾਸ ਦੀ ਸੰਭਾਲ ਲਈ ਦਿੱਤੇ ਗਏ ਲੱਖਾਂ ਡਾਲਰਾਂ ਬਾਰੇ ਚਰਚਾ ਕੀਤੀ ਗਈ। ਜ਼ਿਕਰਯੋਗ ਹੈ ਕਿ ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਬਹੁਤ ਦੁਰਲਭ ਨਿਸ਼ਾਨੀਆਂ ਮਹਿੰਗੀ ਨਿਲਾਮੀ ਵਿਚ ਖਰੀਦੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ ਦੋ ਮੁੰਦੀਆਂ, ਸਿਰਕੋਪ ਤੇ ਇਕ ਸੌ ਹੋਰ ਵਸਤਾਂ ਸੈਨ ਫਰਾਂਸਿਸਕੋ ਦੇ ‘ਏਸ਼ੀਅਨ ਆਰਟ ਮਿਊਜ਼ੀਅਮ’ ਗੈਲਰੀ ਵਿਚ ‘ਸਤਿੰਦਰ ਕੌਰ ਕਪਾਨੀ ਕੁਲੈਕਸ਼ਨ’ ਨੁਮਾਇਸ਼ ਵਿਚ ਆਪਣੀ ਪਤਨੀ ਨੂੰ ਸਮਰਪਿਤ ਕੀਤੀਆਂ ਹਨ। ਉਨ੍ਹਾਂ ਇਸ ਆਰਟ ਗੈਲਰੀ ਨੂੰ 1999 ਵਿਚ ਪੰਜ ਲੱਖ ਡਾਲਰ ਦੇ ਕੇ ਸਿੱਖ ਯਾਦਗਾਰਾਂ ਸ਼ਾਮਲ ਕਰਨ ਲਈ ਹਿੱਸਾ ਪਾਇਆ ਸੀ। ਹੁਣ ਵੀ ਉਨ੍ਹਾਂ ਦੀਆਂ ਦਿੱਤੀਆਂ ਇਹ ਕੀਮਤੀ ਦੁਰਲਭ ਵਸਤਾਂ ਉਥੇ ਪਈਆਂ ਹਨ ਪਰ ਦਰਸ਼ਕਾਂ ਦਾ ਸਾਰਥਿਕ ਹੁੰਗਾਰਾ ਨਾ ਮਿਲਣ ਕਰਕੇ ਇਨ੍ਹਾਂ ਦੀ ਬੇਕਦਰੀ ਹੋ ਰਹੀ ਹੈ। ਡਾ. ਨਰਿੰਦਰ ਕਪਾਨੀ ਨੇ ਹਰ ਆਮ ਖਾਸ ਨੂੰ ਬੇਨਤੀ ਕੀਤੀ ਹੈ ਕਿ ਉਹ ਸੈਨ ਫਰਾਂਸਿਸਕੋ ਜਾਣ ਸਮੇਂ ਇਸ ਮਊਜ਼ੀਅਮ ਵਿਚ ਸਿੱਖ ਆਰਟ ਦੇ ਦਰਸ਼ਨ ਜ਼ਰੂਰ ਕਰਨ। ਡਾ. ਦਲਵੀਰ ਸਿੰਘ ਪੰਨੂ ਨੇ ‘ਉਚੇ ਬੁਰਜ ਲਾਹੌਰ ਦੇ’ ਨਾਮੀਂ ਆਪਣੇ ਸਫਰਨਾਮੇ ਵਿਚੋਂ ਚੋਣਵੀਆਂ ਯਾਦਗਾਰਾਂ ਤਸਵੀਰਾਂ ਸੰਗ ਪੇਸ਼ਕਾਰੀ ਕਰ ਕੇ ਸਿੱਖ ਵਿਰਾਸਤ ਦੀ ਵਿਗੜ ਰਹੀ ਹਾਲਾਤ ਬਾਰੇ ਦੱਸਿਆ ਤੇ ਜੋਰ ਦਿੱਤਾ ਕਿ ਸਿੱਖ ਯਾਤਰੂ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇ ਨਾਲ ਇਨ੍ਹਾਂ ਇਤਿਹਾਸਕ ਇਮਾਰਤਾਂ ਦੀ ਵੀ ਸਾਰ ਲੈਣ।

Source- Punjab Times