ਵਹਿਮ-ਭਰਮ ਤੇ ਸਮਾਜਿਕ ਕੁਰੀਤੀਆਂ ਨੂੰ ਠੱਲ੍ਹ ਪਾਉਣ ਲਈ ਸਮਰਪਿਤ ਰਿਹਾ ਤੀਜੇ ਪਾਤਸ਼ਾਹ ਦਾ ਜੀਵਨ

ਤੀਜੇ ਪਾਤਸ਼ਾਹ ਨੇ ਆਪਣੀ ਬਾਣੀ ਵਿਚ ਦੁੱਖ-ਸੁੱਖ ਨੂੰ ਰੱਬ ਦੇ ਭਾਣੇ ਵਿਚ ਬਤੀਤ ਕਰਨ ਦਾ ਦਿੱਤਾ ਹੌਕਾ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਦੀ ਬਾਣੀ ਰਚਨਾ ਤੋਂ ਬਾਅਦ ਗੁਰੂ ਅਮਰਦਾਸ ਜੀ ਸਿੱਖ ਧਰਮ ਦੀ ਗੁਰੂ ਪਰੰਪਰਾ ਦੀ ਤੀਸਰੀ ਇਲਾਹੀ ਜੋਤਿ ਹਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਆਪ ਜੀ ਬਾਰੇ ਗੁਰੂ ਘਰ ਦੇ ਰਾਗੀ ਸਿੰਘਾਂ “ਰਾਇ ਬਲਵੰਡ ਤਥਾ ਸਤੈ ਡੂਮ” ਨੇ ‘ਪਰਬਤ ਮੇਰਾਣ’ ਆਖ ਕੇ ਆਪ ਜੀ ਦੀ ਮਹਾਨ ਸ਼ਖ਼ਸੀਅਤ ਵੱਲ ਸੰਕੇਤ ਕਰ ਦਿੱਤਾ ਹੈ, ਭਾਵ ਗੁਰੂ ਅਮਰਦਾਸ ਜੀ ਵਿਸ਼ੇ-ਵਿਕਾਰਾਂ ਤੇ ਸੰਸਾਰੀ ਮੋਹ-ਮਾਇਆ ਦੇ ‘ਝਖੜਿ’ ਵਿਚ ਡੋਲਣ ਵਾਲੇ ਨਹੀਂ, ਉਹ ਮੇਰਾਣ ਪਰਬਤ ਵਾਂਗ ਅਡੋਲ ਹਨ।

ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀਂ ਨੂੰ ਪਿੰਡ ਬਾਸਰਕੇ, ਅੰਮ੍ਰਿਤਸਰ ਵਿਖੇ, ਪਿਤਾ ਬਾਬਾ ਤੇਜ ਭਾਨ ਜੀ ਤੇ ਮਾਤਾ ਲੱਖੋਂ ਜੀ ਦੇ ਘਰ ਹੋਇਆ। ਆਪ ਜੀ ਦਾ ਵਿਆਹ 1502 ਈਸਵੀਂ ਵਿਚ ਬੀਬੀ ਮਨਸਾ ਦੇਵੀ ਜੀ ਨਾਲ ਹੋਇਆ। ਆਪ ਜੀ ਦੇ ਘਰ ਦੋ ਸਪੁੱਤਰੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਅਤੇ ਦੋ ਸਪੁੱਤਰ ਬਾਬਾ ਮੋਹਰੀ ਅਤੇ ਬਾਬਾ ਮੋਹਨ ਜੀ ਨੇ ਜਨਮ ਲਿਆ।

ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੀ ਬੁਨਿਆਦ ਰੱਖੀ ਤੇ ਫਿਰ ਉਸ ਨੂੰ ਅੱਗੇ ਤੋਰਨ ਲਈ ਜੋ ਕਾਰਜ ਆਰੰਭੇ, ਉਨ੍ਹਾਂ ਨੂੰ ਗੁਰੂ ਅਮਰਦਾਸ ਜੀ ਨੇ ਨੇਪਰੇ ਚਾੜ੍ਹਿਆ। ਗੁਰੂ ਜੀ ਨੇ ਸਮਾਜ ਵਿਚਲੀਆਂ ਪ੍ਰਚਲਿਤ ਬੁਰਾਈਆਂ ਨੂੰ ਖ਼ਤਮ ਕਰ ਕੇ ਨਰੋਆ ਸਮਾਜ ਉਸਾਰਨ ਦੀ ਕੋਸ਼ਿਸ਼ ਕੀਤੀ। ਗੁਰੂ ਜੀ ਨੇ ਸਮਾਜ ਵਿਚ ਪ੍ਰਚਲਿਤ ਕੀਆ ਤੇ ਬੇਲੋੜੀਆਂ ਰਸਮਾਂ ਦੀ ਥਾਂ ਸਰਲ ਤੇ ਸਾਦੀ ਮਰਿਆਦਾ ਨੂੰ ਕਾਇਮ ਕੀਤਾ। ਇਹ ਕਦਮ ਚੁੱਕ ਕੇ ਆਪ ਨੇ ਨਾ ਸਿਰਫ਼ ਸਾਧਾਰਨ ਲੋਕਾਂ ਨੂੰ ਗੁੰਝਲਦਾਰ ਤੇ ਪੇਚੀਦਾ ਕਰਮ ਕਾਂਡਾਂ ਤੋਂ ਹੀ ਸੁਤੰਤਰ ਕਰਾਇਆ, ਸਗੋਂ ਪੰਡਤਾਂ, ਮੁੱਲਾਂ, ਮੌਲਾਨਿਆਂ ਤੇ ਪ੍ਰੋਹਿਤ ਵਰਗ ਵੱਲੋਂ ਹੋ ਰਹੀ ਲੁੱਟ-ਖਸੁੱਟ ਤੋਂ ਵੀ ਮੁਕਤ ਕਰਾਇਆ। ਸਮਾਜ ਵਿਚ ਪ੍ਰਚਲਿਤ ਰੰਗ, ਜਾਤ ਦੇ ਵਿਤਕਰਿਆ ਨੂੰ ਖ਼ਤਮ ਕਰਨ ਲਈ ਸਮਾਜ ਵਿਚ ਭਾਈਚਾਰਾ ਅਤੇ ਸਮਾਨਤਾ ਲਿਆਉਣ ਲਈ ਆਪ ਨੇ ਸੰਗਤ ਵਿਚ ਆਉਣ ਤੋਂ ਪਹਿਲਾ ਪੰਗਤ ਵਿਚ ਬੈਠ ਕੇ ਲੰਗਰ ਛਕਣਾ ਜ਼ਰੂਰੀ ਕਰਾਰ ਦਿੱਤਾ।

ਗੁਰੂ ਜੀ ਦਾ ਜੀਵਨ ਕਠਿਨਾਈਆਂ ਭਰਿਆ ਸੀ। ਪਰ ਆਪ ਦ੍ਰਿੜ੍ਹ ਸੰਕਲਪੀ ਸਨ, ਜੀਵਨ ਭਰ ਪੂਰੀ ਨਿਸ਼ਠਾ ਤੇ ਲਗਨ ਨਾਲ ਗੁਰੂ ਸੇਵਾ ਵਿਚ ਵਿਚਰਦਿਆਂ ਧਾਰਮਿਕ ਤੇ ਸਮਾਜਕ ਸੁਧਾਰ ਲਈ ਕਾਰਜ਼ਸ਼ੀਲ ਰਹੇ। ਗੁਰੂ ਨੂੰ ਮਿਲਨ ਦੀ ਤਾਂਘ, ਤੀਰਥ ਸਥਾਨਾਂ ਦੀ ਯਾਤਰਾ, ਗੁਰੂ ਅੰਗਦ ਦੇਵ ਜੀ ਨਾਲ ਮਿਲਾਪ, ਉਨ੍ਹਾਂ ਦੀ ਸੇਵਾ ਭਗਤੀ ਵਿਚ ਲੀਨ ਰਹਿਣਾ, ਗੁਰਗੱਦੀ ਪ੍ਰਾਪਤ ਹੋਣਾ, ਬਾਣੀ ਦੀ ਰਚਨਾ ਕਰਨਾ ਅਤੇ ਆਦਰਸ਼ ਸਮਾਜ ਦੀ ਉਸਾਰੀ ਕਰਨਾ ਉਨ੍ਹਾਂ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਹਨ।

ਗੁਰੂ ਅਮਰਦਾਸ ਜੀ ਨੇ ਆਪਣੇ ਉਤਰਾਧਿਕਾਰੀ ਦੀ ਚੋਣ ਲਈ ਉਹੀ ਢੰਗ ਅਪਣਾਇਆ ਜੋ ਪਹਿਲੇ ਗੁਰੂ ਸਾਹਿਬਾਨ ਨੇ ਵਰਤਿਆ ਸੀ। ਆਪ ਦੇ ਪੁੱਤਰਾਂ ਵਿਚੋਂ ਕੋਈ ਵੀ ਗੁਰਗੱਦੀ ਨੂੰ ਪ੍ਰਾਪਤ ਕਰਨ ਦੇ ਯੋਗ ਨਹੀਂ ਸੀ। ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੇ ਯੋਗ ਸਮਝਦੇ ਹੋਏ ਆਪ ਨੇ ਉਨ੍ਹਾਂ ਨੂੰ ਗੁਰਗੱਦੀ ਸੌਂਪ ਦਿੱਤੀ ਤੇ ਭਾਦੋਂ ਸੁਦੀ 15ਸੰਮਤ 1631 (6 ਸੰਬਰ 574 ਈ.) ਨੂੰ ਆਪ ਜੋਤੀ ਜੋਤਿ ਸਮਾ ਗਏ।

~ Jagjit Singh Panjoli

Share...Share on Facebook0Tweet about this on TwitterShare on LinkedIn0Share on Google+0Pin on Pinterest0Email this to someone