ਸ੍ਰੀ ਅਨੰਦਪੁਰ ਸਾਹਿਬ ਦੀ ਲੰਬੀ ਲੜਾਈ ਵਿਚ ਮੁਗਲ ਫੌਜਾਂ ਦੀ ਸਖਤ ਘੇਰਾਬੰਦੀ ਹੋਣ ਕਰਕੇ ਤੇ ਨਿੱਤ ਦੀ ਲੜਾਈ ਨਾਲ ਖਾਲਸਾ ਫੌਜਾਂ ਦੀ ਗਿਣਤੀ ਦਿਨ-ਬਦਿਨ ਘਟਦੀ ਜਾ ਰਹੀ ਸੀ। ਅਨਾਜ ਪਾਣੀ ਦੇ ਭੰਡਾਰ ਖਤਮ ਹੋਣ ਨੂੰ ਆ ਗਏ। ਪਾਲਤੂ-ਪਸ਼ੂਆਂ, ਘੋੜਿਆਂ ਲਈ ਚਾਰੇ ਦੀ ਭਾਰੀ ਕਿੱਲਤ ਆ ਗਈ, ਬਹੁਤ ਸਾਰੇ ਬਹਾਦਰ ਸਿੰਘ ਤੇ ਘੋੜੇ ਭੁੱਖ ਦੀ ਭੇਟ […]
ਸ੍ਰੀ ਅਨੰਦਪੁਰ ਸਾਹਿਬ ਦੀ ਲੰਬੀ ਲੜਾਈ ਵਿਚ ਮੁਗਲ ਫੌਜਾਂ ਦੀ ਸਖਤ ਘੇਰਾਬੰਦੀ ਹੋਣ ਕਰਕੇ ਤੇ ਨਿੱਤ ਦੀ ਲੜਾਈ ਨਾਲ ਖਾਲਸਾ ਫੌਜਾਂ ਦੀ ਗਿਣਤੀ ਦਿਨ-ਬਦਿਨ ਘਟਦੀ ਜਾ ਰਹੀ ਸੀ। ਅਨਾਜ ਪਾਣੀ ਦੇ ਭੰਡਾਰ ਖਤਮ ਹੋਣ ਨੂੰ ਆ ਗਏ। ਪਾਲਤੂ-ਪਸ਼ੂਆਂ, ਘੋੜਿਆਂ ਲਈ ਚਾਰੇ ਦੀ ਭਾਰੀ ਕਿੱਲਤ ਆ ਗਈ, ਬਹੁਤ ਸਾਰੇ ਬਹਾਦਰ ਸਿੰਘ ਤੇ ਘੋੜੇ ਭੁੱਖ ਦੀ ਭੇਟ ਚੜ੍ਹ ਗਏ। ਸਿਦਕੀ ਸਿੰਘਾਂ ਦੀ ਸਿਦਕ ਸਬੂਰੀ ਦੀ ਪਰਖ ਹੋ ਰਹੀ ਸੀ। ਦੁਸ਼ਮਣ ਦੇ ਵਾਰ-ਵਾਰ ਢੰਡੋਰਾ ਦੇਣ ’ਤੇ ਵੀ ਕਿ ਕੋਈ ਸਿੰਘ ਜੇਕਰ ਖਾਲੀ ਹੱਥ ਜਾਣਾ ਚਾਹੇ ਤਾਂ ਉਸ ਨੂੰ ਜਾਣ ਦਿੱਤਾ ਜਾਵੇਗਾ, ਕੋਈ ਵੀ ਸਿੰਘ ਸਿਦਕ ਤੋਂ ਨਹੀਂ ਡੋਲਿਆ।
ਗੁਰੂ ਗੋਬਿੰਦ ਸਿੰਘ ਜੀ ਨੇ ਪੰਚ ਪ੍ਰਧਾਨੀ ਸਿਧਾਂਤ ਨੂੰ ਸਥਾਪਿਤ ਕਰ, ਖਾਲਸੇ ਵਿਚ ਏਨਾ ਆਤਮ-ਵਿਸ਼ਵਾਸ ਅਤੇ ਜੁਰਅੱਤ ਭਰ ਦਿੱਤੀ ਸੀ ਕਿ ਖਾਲਸਾ ਸਮੇਂ-ਸਮੇਂ ਗੁਰੂ ਜੀ ਨੂੰ ਨਿਝੱਕ ਹੋ ਕੇ ਸਲਾਹ ਤੇ ਸੁਝਾਅ ਦੇ ਸਕਦਾ ਸੀ। ਕੁਝ ਸਿੰਘਾਂ ਨੇ ਸਲਾਹ ਦਿੱਤੀ ਕਿ ਸਾਨੂੰ ਕਿਲ੍ਹਾ ਖਾਲੀ ਕਰ ਦੇਣਾ ਚਾਹੀਦਾ ਹੈ। ਵੱਖ-ਵੱਖ ਸਮੇਂ ਯੁੱਧ ਦੇ ਢੰਗ-ਤਰੀਕੇ ਅਲੱਗ-ਅਲੱਗ ਹੁੰਦੇ ਹਨ। ਗੁਰੂ ਜੀ ਨੇ ਇਸ ਸਮੇਂ ‘ਇੰਤਜ਼ਾਰ ਕਰੋ ਤੇ ਦੇਖੋ’ ਦੀ ਨੀਤੀ ’ਤੇ ਚੱਲਣ ਲਈ ਕਿਹਾ ਪਰ ਕੁਝ ਸਿੰਘ ਇਸ ਬਿਖੜੇ ਸਮੇਂ ਭੁਲੇਖੇ ਦਾ ਸ਼ਿਕਾਰ ਹੋ ਗਏ। ਮੁਸ਼ਕਿਲ ਦੀ ਘੜੀ ਵਿਚ ਮਨਮੁਖ ਬਣ ਗੁਰੂ ਜੀ ਦਾ ਸਾਥ ਛੱਡਣ ਲੱਗੇ। ਗੁਰਦੇਵ ਸਮਰੱਥ ਸਨ, ਜੇਕਰ ਉਹ ਚਾਹੁੰਦੇ ਤਾਂ ਉਸ ਸਮੇਂ ਹੀ ਉਨ੍ਹਾਂ ਦਾ ਭੁਲੇਖਾ ਦੂਰ ਕਰ ਸਕਦੇ ਸਨ ਪਰ ਗੁਰਦੇਵ ਜੀ ਨੇ ਖਾਲਸੇ ਨੂੰ ਸਰਬ-ਗੁਣ ਸੰਪੰਨ ਬਣਾਉਣਾ ਸੀ। ਭੁੱਲੇ ਨੂੰ ਭੁੱਲ ਦਾ ਅਹਿਸਾਸ ਕਰਵਾ ਕੇ ਮਾਰਗ ’ਤੇ ਪਾਉਣਾ ਸੀ। ਇਕ ਨਵੀਂ ਮਿਸਾਲ ਕਾਇਮ ਕਰਨੀ ਸੀ ਕਿ-
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥
ਪੇਟ ਦੀ ਭੁੱਖ ਮਨੁੱਖ ਨੂੰ ਨੀਚ ਤੋਂ ਨੀਚ ਕਰਮ ਕਰਨ ਲਈ ਕਈ ਵਾਰ ਮਜਬੂਰ ਕਰ ਦਿੰਦੀ ਹੈ। ਇਨ੍ਹਾਂ ਸਿੰਘਾਂ ਵਿਚੋਂ ਵੀ ਭੁੱਖ ਦੇ ਦੁੱਖ ਤੋਂ ਤੰਗ ਆ ਕੇ ਕੁਝ ਸਿੰਘਾਂ ਨੇ, ਜਿਨ੍ਹਾਂ ਦੀ ਗਿਣਤੀ 40 ਦੱਸੀ ਗਈ ਹੈ, ਗੁਰੂ ਤੋਂ ਬੇਮੁਖ ਹੋ ਕੇ ਅਨੰਦਪੁਰ ਸਾਹਿਬ ਨੂੰ ਛੱਡ ਜਾਣ ਦਾ ਇਰਾਦਾ ਕਰ ਲਿਆ। ਗੁਰੂ ਜੀ ਦੇ ਪੇਸ਼ ਹੋ ਕੇ ਇਨ੍ਹਾਂ ਸਿੰਘਾਂ ਨੇ ਬੇਨਤੀ ਕੀਤੀ, ‘ਗੁਰਦੇਵ ਅਸੀਂ ਜਾਣਾ ਚਾਹੁੰਦੇ ਹਾਂ।’ ਗੁਰੂ ਸਾਹਿਬ ਨੇ ਕਿਹਾ ਕਿ ਜਾਣਾ ਚਾਹੁੰਦੇ ਹੋ ਤਾਂ ਚਲੇ ਜਾਓ ਪਰ ਜਾਣ ਦੀ ਨਿਸ਼ਾਨੀ ਕਿ ਅਸੀਂ ਛੱਡ ਕੇ ਜਾ ਰਹੇ ਹਾਂ, ਲਿਖ ਕੇ ਦੇ ਜਾਓ।’ ਸਿੰਘਾਂ ਨੇ ਲਿਖ ਕੇ ਦੇ ਦਿੱਤਾ, ਜਿਸ ਨੂੰ ਬੇ-ਦਾਵਾ ਕਿਹਾ ਗਿਆ ਹੈ। ਇਨ੍ਹਾਂ ਸਿੰਘਾਂ ਨੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਘਰਾਂ ਵੱਲ ਨੂੰ ਮੂੰਹ ਕਰ ਲਏ। ਪਰ ਜਿਉਂ-ਜਿਉਂ ਇਹ ਅਨੰਦਪੁਰ ਤੋਂ ਦੂਰ ਹੁੰਦੇ ਗਏ, ਇਨ੍ਹਾਂ ਨੂੰ ਗੁਰੂ-ਵਿਛੋੜੇ ਦੀ ਪੀੜਾ ਤੰਗ ਕਰਨ ਲੱਗ ਪਈ। ਕਈ ਵਾਰ ਪਿਆਰ ਦਾ ਅਹਿਸਾਸ ਵਿਛੋੜੇ ਵਿਚ ਹੀ ਹੁੰਦਾ ਹੈ। ਜਦ ਘਰੀਂ ਪਹੁੰਚੇ ਤਾਂ ਇਨ੍ਹਾਂ ਨੂੰ ਸ਼ਰਮਿੰਦਗੀ ਨੇ ਪੂਰੀ ਤਰ੍ਹਾਂ ਆ ਘੇਰਿਆ, ਪਰ ਹੁਣ ਸਮਾਂ ਲੰਘ ਚੁੱਕਿਆ ਸੀ, ਘਰ ਵਾਲੀਆਂ ਨੇ ਵੀ ਪੂਰੀ ਤਰ੍ਹਾਂ ਸ਼ਰਮਿੰਦੇ ਕੀਤੇ। ਲੰਮੇਰੀ ਜੰਗ ਤੋਂ ਮੁਗਲ ਤੇ ਪਹਾੜੀ ਰਾਜੇ ਵੀ ਪੂਰੀ ਤਰ੍ਹਾਂ ਤੰਗ ਆ ਚੁੱਕੇ ਸਨ। ਅੰਤ ਨੂੰ ਤੰਗ ਆ ਕੇ ਉਨ੍ਹਾਂ ਨੇ ਕਸਮਾਂ ਖਾਧੀਆਂ ਅਤੇ ਗੁਰੂ ਸਾਹਿਬ ਨੂੰ ਕਿਲ੍ਹਾ ਛੱਡ ਦੇਣਾ ਪਿਆ, ਪਰ ਗੁਰੂ ਸਾਹਿਬ ਜਾਣਦੇ ਸੀ ਕਿ ਦੁਸ਼ਮਣ ਫੌਜਾਂ ਨੇ ਸਭ ਕਸਮਾਂ-ਇਕਰਾਰ ਭੁੱਲ ਜਾਣੇ ਹਨ। ਗੁਰੂ ਸਾਹਿਬ ਦੇ ਕਿਲ੍ਹੇ ਵਿਚੋਂ ਨਿਕਲਦੇ ਸਾਰ ਹੀ ਪਿੱਛੋਂ ਦੀ ਮੁਗਲਾਂ ਦੀ ਫੌਜ ਨੇ ਹਮਲਾ ਕਰ ਦਿੱਤਾ। ਸਰਸਾ ਨਦੀ ਉ¤ਪਰ ਭਿਆਨਕ ਜੰਗ ਉਪਰੰਤ ਗੁਰੂ ਜੀ ਦਾ ਪਰਿਵਾਰ ਵਿਛੜ ਗਿਆ। ਗੁਰੂ ਸਾਹਿਬ ਚਮਕੌਰ ਦੀ ਜੰਗ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਵਿਚ-‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ’ ਉਚਾਰਦੇ ਹੋਏ ਗਰਮੀ ਦੇ ਮਹੀਨੇ ਵਿਚ ਭਖਦੇ ਮਾਰੂਥਲਾਂ ਦੇ ਰਸਤੇ ਖਿਦਰਾਣੇ ਦੀ ਢਾਬ ’ਤੇ ਪਹੁੰਚੇ। ਵੈਰੀ ਦਾ ਟਿੱਡੀ ਦਲ ਵੀ ਗੁਰੂ ਸਾਹਿਬ ਦਾ ਪਿੱਛਾ ਕਰਦਾ ਆ ਰਿਹਾ ਸੀ। ਖਿਦਰਾਣੇ ਦੀ ਢਾਬ ਖਾਲਸਾ ਫ਼ੌਜਾਂ ਦੇ ਘੇਰੇ ਵਿਚ ਸੀ। ਖਿਦਰਾਣੇ ਦੀ ਢਾਬ ਯੁੱਧ ਨੀਤੀ ਦੇ ਪੱਖੋਂ ਬਹੁਤ ਹੀ ਮਹੱਤਵਪੂਰਨ ਸੀ। ਗੁਰੂ ਸਾਹਿਬ ਆਪ ਟਿੱਬੀ ਸਾਹਿਬ ਦੇ ਸਥਾਨ ’ਤੇ ਜਾ ਬਿਰਾਜੇ। ਇਥੇ ਹੀ ਉਨ੍ਹਾਂ ਸਿੰਘਾਂ ਦਾ ਜਥਾ ਵੀ ਆ ਗਿਆ ਜੋ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ। ਸਿੰਘਾਂ ਦੀ ਅਗਵਾਈ ਬੀਬੀ ਭਾਗੋ ਕਰ ਰਹੀ ਸੀ, ਜਿਸ ਨੇ ਸਿੱਖ ਇਤਿਹਾਸ ਨੂੰ ਨਵਾਂ ਮੋੜ ਦਿੱਤਾ। ਮਾਈ ਭਾਗੋ ਨੂੰ ਅਗਵਾਈ ਕਰਦੀ ਵੇਖ ਗੁਰੂ ਸਾਹਿਬ ਨੂੰ ਅਨੋਖੀ ਤਸੱਲੀ ਹੋਈ ਕਿ ਹੁਣ ਖਾਲਸਾ ਪੰਥ ਨੂੰ ਕੋਈ ਖ਼ਤਰਾ ਨਹੀਂ। ਜਿਸ ਕੌਮ ਵਿਚ ਔਰਤਾਂ ਰੱਖਿਆ ਕਰਨ ਦੇ ਕਾਬਲ ਹੋ ਜਾਣ, ਉਹ ਕੌਮ ਕਦੇ ਮਰ ਨਹੀਂ ਸਕਦੀ।
ਗੁਰਦੇਵ ਪਿਤਾ ਸੂਰਮਿਆਂ ਨੂੰ ਰਣ ਤੱਤੇ ਵਿਚ ਜੂਝਦਿਆਂ ਤੱਕ ਖੁਸ਼ ਹੋ ਰਹੇ ਸਨ। ਸਮੇਂ-ਸਮੇਂ ਗੁਰਦੇਵ ਦੁਸ਼ਮਣ ਦਲਾਂ ’ਤੇ ਤੀਰਾਂ ਦੀ ਵਰਖਾ ਵੀ ਕਰਦੇ ਰਹੇ। ਦੁਸ਼ਮਣ ਫ਼ੌਜਾਂ ਅਣਗਿਣਤ ਤੇ ਸਿੰਘ ਗਿਣਤੀ ਦੇ, ਪਰ ਇਕ ਪਾਸੇ ਗੁਰੂ ਪ੍ਰੀਤੀ ਤੇ ਦੂਸਰੇ ਪਾਸੇ ਤਨਖਾਹਦਾਰ ਮੁਲਾਜ਼ਮਤ। ਦਿਨ ਗਰਮੀ ਦੇ, ਪਾਣੀ ਦਾ ਕਬਜ਼ਾ ਸਿੰਘਾਂ ਦੇ ਹੱਥ। ਇਨ੍ਹਾਂ ਸਭ ਕਾਰਨਾਂ ਕਰਕੇ ਦੁਸ਼ਮਣਾਂ ਦੀ ਹਾਰ ਹੋਈ ਤੇ ਸਿੰਘਾਂ ਨੇ ਮੈਦਾਨ ਫ਼ਤਹਿ ਕਰ ਲਿਆ।
ਦਸਮੇਸ਼ ਪਿਤਾ ਆਪ ਮੈਦਾਨੇ-ਜੰਗ ਵਿਚ ਆਏ, ਜਿਥੇ ਬੇਦਾਵੀਏ ਸਿੰਘਾਂ ਨੇ ਭੁੱਲ ਬਖਸ਼ਾਉਣ ਲਈ ਜੀਵਨ ਨਿਛਾਵਰ ਕਰ ਦਿੱਤੇ ਸਨ। ਯੁੱਧ ਦੇ ਮੈਦਾਨ ਵਿਚ ਗੁਰਦੇਵ ਹਰ ਸਿੰਘ ਦੀ ਪਵਿੱਤਰ ਦੇਹ ਦੇ ਪਾਸ ਜਾਂਦੇ ਤੇ ਸਿੰਘਾਂ ਦੇ ਮੁਖੜੇ ਸਾਫ਼ ਕਰਦੇ ਅਤੇ ਬਖਸ਼ਿਸ਼ਾਂ ਕਰਦੇ ਕਿ ਇਹ ਮੇਰਾ ਪੰਜ ਹਜ਼ਾਰੀ, ਇਹ ਮੇਰਾ ਦਸ ਹਜ਼ਾਰੀ, ਇਹ ਮੇਰਾ ਤੀਹ ਹਜ਼ਾਰੀ ਸਿੰਘ ਹੈ। ਆਖਰ ਗੁਰੂ ਸਾਹਿਬ ਭਾਈ ਮਹਾਂ ਸਿੰਘ ਦੇ ਪਾਸ ਪਹੁੰਚੇ ਤੇ ਦੇਖਿਆ ਕਿ ਭਾਈ ਮਹਾਂ ਸਿੰਘ ਦੇ ਸੁਆਸ ਅਜੇ ਚੱਲ ਰਹੇ ਸਨ। ਗੁਰਦੇਵ ਪਿਤਾ ਨੇ ਉਸ ਦਾ ਸੀਸ ਗੋਦ ਵਿਚ ਲੈ ਕੇ ਮੁਖੜਾ ਸਾਫ਼ ਕੀਤਾ ਤੇ ਮੂੰਹ ਵਿਚ ਪਾਣੀ ਪਾਇਆ ਤੇ ਕਿਹਾ ਕਿ ‘ਮੁਕਤਿ ਭੁਗਤਿ ਜੁਗਤਿ ਸਭ ਹਾਜ਼ਰ ਹੈ, ਮੰਗ ਭਾਈ ਮਹਾਂ ਸਿੰਘ ਜੋ ਚਾਹੁੰਦਾ ਹੈ।’ ਭਾਈ ਮਹਾਂ ਸਿੰਘ ਗਿੜਗਿੜਾਇਆ ਕਿ ‘ਹੇ ਦਸਮੇਸ਼ ਪਿਤਾ, ਦਰਸ਼ਨਾਂ ਦੀ ਇੱਛਾ ਸੀ ਸੋ ਪੂਰੀ ਹੋ ਗਈ।’
‘ਨਹੀਂ, ਪਿਆਰੇ ਭਾਈ ਮਹਾਂ ਸਿੰਘ, ਕੁਝ ਹੋਰ ਮੰਗ।’
‘ਗੁਰਦੇਵ ਪਿਤਾ ਜੇ ਤੁੱਠੇ ਹੋ ਕ੍ਰਿਪਾ ਨਿਧਾਨ ਤਾਂ ਸਾਡੀ ਟੁੱਟੀ ਗੰਢ ਲਵੋ, ਕਾਗਜ਼ ਦਾ ਉਹ ਟੁਕੜਾ ਪਾੜ ਦਿਓ ਜੋ ਆਪ ਜੀ ਨੂੰ ਲਿਖ ਕੇ ਦੇ ਆਏ ਸੀ।’
ਧੰਨ ਹਨ ਦਸਮੇਸ਼ ਪਿਤਾ ਜਿਨ੍ਹਾਂ ਏਨੇ ਬਿਖੜੇ ਸਮੇਂ ਵੀ ਉਹ ਕਾਗਜ਼ ਦਾ ਟੁਕੜਾ ਕਿਧਰੇ ਗੁੰਮ ਨਹੀਂ ਸੀ ਹੋਣ ਦਿੱਤਾ। ਭਾਈ ਮਹਾਂ ਸਿੰਘ ਦੀ ਖਾਹਿਸ਼ ਪੂਰੀ ਕਰਨ ਲਈ ਗੁਰੂ ਸਾਹਿਬ ਨੇ ਕਾਗਜ਼ ਦੇ ਟੁਕੜੇ-ਟੁਕੜੇ ਕਰ ਦਿੱਤੇ।
ਭਾਈ ਮਹਾਂ ਸਿੰਘ ਨੇ ਭੁੱਲਾਂ ਬਖਸ਼ਾ ਸ਼ੁਕਰ ਕਰਦਿਆਂ ਹੱਥ ਉਪਰ ਚੁੱਕੇ ਤੇ ਹਮੇਸ਼ਾ ਲਈ ਦਸਮੇਸ਼ ਪਿਤਾ ਦੀ ਗੋਦ ਵਿਚ ਸੌਂ ਗਿਆ। ਗੁਰੂ ਜੀ ਨੇ ਇਨ੍ਹਾਂ ਸ਼ਹੀਦਾਂ ਦਾ ਆਪਣੇ ਹੱਥੀਂ ਸਸਕਾਰ ਕੀਤਾ। ਇਥੇ ਜ਼ਿਕਰਯੋਗ ਹੈ ਕਿ ‘ਜਦ ਚਮਕੌਰ ਦੀ ਗੜ੍ਹੀ ਵਿਖੇ ਦੋਵਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਕਤ ਸਿੰਘਾਂ ਨੇ ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ’ਤੇ ਕਫ਼ਨ ਦੀ ਗੱਲ ਕੀਤੀ ਸੀ ਤਾਂ ਗੁਰੂ ਸਾਹਿਬ ਸਿੰਘਾਂ ਦੀ ਗੱਲ ਅਣਸੁਣੀ ਕਰ ਗਏ ਸੀ। ਪੁੱਤਰਾਂ ਨਾਲੋਂ ਸਿੰਘ ਪਿਆਰੇ ਸਨ। ਗੁਰੂ ਸਾਹਿਬ ਨੇ ਇਥੇ ਆਪਣੇ ਹੱਥੀਂ ਸਿੰਘਾਂ ਦਾ ਸਸਕਾਰ ਕੀਤਾ। ਇਨ੍ਹਾਂ ਨੂੰ ਮੁਕਤਿਆਂ ਦੀ ਉਪਾਧੀ ਬਖਸ਼ਿਸ਼ ਕੀਤੀ। ਬੇਦਾਵੀਏ ਸਿੰਘ ਮੁਕਤ ਹੋ ਗਏ ਅਤੇ ਖਿਦਰਾਣੇ ਦੀ ਢਾਬ ਉਸ ਦਿਨ ਤੋਂ ਮੁਕਤਸਰ ਅਖਵਾਈ। 40 ਮੁਕਤੇ ਜੋ ਮੁਕਤਸਰ ਵਿਖੇ ਸ਼ਹੀਦ ਹੋਏ, ਉਨ੍ਹਾਂ ਦੇ ਨਾਂਅ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਅੰਕਿਤ ਇਸ ਪ੍ਰਕਾਰ ਹਨ-
ਮਾਝਾ ਸਿੰਘ, ਬੂੜ ਸਿੰਘ, ਦਿਲਬਾਗ ਸਿੰਘ, ਮਾਨ ਸਿੰਘ, ਸਲਤਾਨ ਸਿੰਘ, ਨਿਧਾਨ ਸਿੰਘ ਪਤੀ ਮਾਤਾ ਭਾਗੋ ਜੀ, ਧੰਨਾ ਸਿੰਘ, ਸੋਭਾ ਸਿੰਘ, ਸਰਜਾ ਸਿੰਘ, ਜਾਦੋ ਸਿੰਘ, ਗੰਗਾ ਸਿੰਘ, ਜੋਗਾ ਸਿੰਘ, ਗੰਗਾ ਸਿੰਘ, ਜੰਬਾ ਸਿੰਘ, ਭੋਲਾ ਸਿੰਘ, ਸੰਤ ਸਿੰਘ, ਲਛਮਨ ਸਿੰਘ, ਰਾਏ ਸਿੰਘ, ਧਰਮ ਸਿੰਘ ਤੇ ਕਰਮ ਸਿੰਘ ਦੋਨੋਂ ਭਰਾ, ਜੰਗ ਸਿੰਘ, ਹਰੀ ਸਿੰਘ, ਕਾਲਾ ਸਿੰਘ, ਗੰਡਾ ਸਿੰਘ, ਮੱਯਾ ਸਿੰਘ, ਭਾਗ ਸਿੰਘ, ਭਾਗ ਸਿੰਘ, ਸਮੀਰ ਸਿੰਘ, ਕਿਰਤੀ ਸਿੰਘ, ਕਰਨ ਸਿੰਘ, ਹਰਸਾ ਸਿੰਘ, ਦਿਲਬਾਰਾ ਸਿੰਘ, ਘਰਬਾਰਾ ਸਿੰਘ, ਕ੍ਰਿਪਾਲ ਸਿੰਘ, ਖੁਸ਼ਹਾਲ ਸਿੰਘ, ਮਹਾਂ ਸਿੰਘ ਜਥੇਦਾਰ, ਨਿਹਾਲ ਸਿੰਘ, ਦਿਆਲ ਸਿੰਘ, ਗੁਲਾਬ ਸਿੰਘ ਅਤੇ ਸੁਹੇਲ ਸਿੰਘ।