ਭਾਈ ਘਨ੍ਹੱਈਆਂ ਜੀ ਦਾ ਜੀਵਨ ਸੱਚ ਮਾਰਗ ਦਰਸਾਉਣ ਵਾਲਾ ਸਰਵ ਉੱਤਮ ਜੀਵਨ ਹੈ। ਉਨ੍ਹਾਂ ਦੇ ਅੰਦਰ ਇਹ ਅਮੋਲਕ ਗੁਣ ਸਨ। ਉਹ ਦਇਆਵਾਨ ਤੇ ਪਰਉਪਕਾਰੀ, ਪਰਿਵਾਰਕ ਮੋਹ ਤੋਂ ਰਹਿਤ, ਦੁਨਿਆਵੀ ਮਾਣ-ਵਡਿਆਈ ਤੋਂ ਬੇਖਬਰ, ਸਤਸੰਗੀ ਤੇ ਸੰਤ ਸੇਵੀ, ਗੁਰਮਤਿ ਦੇ ਧਾਰਨੀ ਸਭ ਜੀਵਾਂ ਵਿੱਚ ਇੱਕ ਬ੍ਰਹਮ ਨੂੰ ਪ੍ਰਤੱਖ ਜਾਨਣਾ, ਗੋਬਿੰਦ ਰੂਪ ਜਾਣ ਕੇ ਸਰਵ ਜੀਵਾਂ ਦੀ ਇਕ […]
ਭਾਈ ਘਨ੍ਹੱਈਆਂ ਜੀ ਦਾ ਜੀਵਨ ਸੱਚ ਮਾਰਗ ਦਰਸਾਉਣ ਵਾਲਾ ਸਰਵ ਉੱਤਮ ਜੀਵਨ ਹੈ। ਉਨ੍ਹਾਂ ਦੇ ਅੰਦਰ ਇਹ ਅਮੋਲਕ ਗੁਣ ਸਨ। ਉਹ ਦਇਆਵਾਨ ਤੇ ਪਰਉਪਕਾਰੀ, ਪਰਿਵਾਰਕ ਮੋਹ ਤੋਂ ਰਹਿਤ, ਦੁਨਿਆਵੀ ਮਾਣ-ਵਡਿਆਈ ਤੋਂ ਬੇਖਬਰ, ਸਤਸੰਗੀ ਤੇ ਸੰਤ ਸੇਵੀ, ਗੁਰਮਤਿ ਦੇ ਧਾਰਨੀ ਸਭ ਜੀਵਾਂ ਵਿੱਚ ਇੱਕ ਬ੍ਰਹਮ ਨੂੰ ਪ੍ਰਤੱਖ ਜਾਨਣਾ, ਗੋਬਿੰਦ ਰੂਪ ਜਾਣ ਕੇ ਸਰਵ ਜੀਵਾਂ ਦੀ ਇਕ ਸਮਾਨ ਸੇਵਾ ਕਰਨ ਵਾਲੇ, ਨਿਰਭਉ ਤੇ ਨਿਰਵੈਰ, ਸੰਤੋਖ ਸਬਰ ਵਾਲੇ, ਸਹਿਣਸ਼ੀਲਤਾ ਦੇ ਧਾਰਨੀ, ਮਿੱਠ ਬੋਲੜੇ, ਵਾਹਿਗੁਰੂ ਪਿਆਰ ਵਿੱਚ ਸਦਾ ਮਗਨ ਅਤੇ ਨੇਕ ਕਰਨੀ ਦੇ ਮਾਲਕ ਸਨ।ਭਾਈ ਘਨ੍ਹੱਈਆ ਜੀ ਗੁਰੂ ਘਰ ਦੇ ਸੱਚੇ ਸੇਵਕ ਸਨ। ਨਾਮ ਬਾਣੀ ਦੇ ਰਸੀਏ ਭਾਈ ਘਨ੍ਹੱਈਆ ਜੀ ਦਾ ਜਨਮ 1648 ਈਸਵੀ ਨੂੰ ਮਾਤਾ ਸੁੰਦਰੀ ਜੀ ਅਤੇ ਪਿਤਾ ਸ੍ਰੀ ਨੱਥੂ ਰਾਮ ਦੇ ਗ੍ਰਹਿ ਪਿੰਡ ਸੌਦਰਾ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿੱਚ ਹੋਇਆ।
ਗੁਰਬਾਣੀ ਅਤੇ ਵਿਗਿਆਨ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਪੂਰਾ ਪੱਛਮ ਅਤੇ ਪੱਛਮੀ ਵਿਗਿਆਨੀ ਦਾਅਵਾ ਕਰਦੇ ਹਨ ਕਿ ਸਰ ਜੀਨ ਹੈਨਰੀ ਡਿਊਨਾ ਨੇ 1859 ਈ: ਵਿੱਚ ਰੈਡ ਕਰਾਸ ਨੂੰ ਜਨਮ ਦਿੱਤਾ। ਪੱਛਮ ਅਤੇ ਪੱਛਮੀ ਵਿਗਿਆਨੀ ਕਿਵੇਂ ਭੁੱਲ ਗਏ ਕਿ ਰੈਡ ਕਰਾਸ ਦਾ ਜਨਮ ਤਾਂ ਪਹਾੜੀ ਰਾਜਿਆਂ ਨਾਲ ਸਿੰਘਾਂ ਦੇ ਹੋਏ ਯੁੱਧ ਸਮੇਂ ਭਾਈ ਘਨ੍ਹੱਈਆ ਜੀ ਦੇ ਮਲ੍ਹਮ ਪੱਟੀ ਕਰਦਿਆਂ ਹੀ ਹੋ ਗਿਆ ਸੀ। ਮਲ੍ਹਮ ਪੱਟੀ ਹੀ ਅੰਗਰੇਜ਼ੀ ਭਾਸ਼ਾ ਵਿੱਚ ਰੈਡ ਕਰਾਸ ਸੀ।ਰੈਡ ਕਰਾਸ (ਮਲ੍ਹਮ ਪੱਟੀ) ਦਾ ਜਨਮ ਅਤੇ ਸਥਾਪਨਾ ਦਾ ਸ਼੍ਰੋਮਣੀ ਸਿਹਰਾ ਸਿੱਖ ਧਰਮ ਨੂੰ ਜਾਂਦਾ ਹੈ ਜਿਸ ਦੇ ਜਨਮ ਦਾਤਾ ਸਾਹਿਬੇ-ਕਮਾਲ ਦਸਮੇ ਨਾਨਕ ਕਲਗੀਧਰ ਪਿਤਾ ਜੀ ਹਨ। ਭਾਈ ਘਨ੍ਹੱਈਆ ਜੀ ਗੁਰੂ ਘਰ ਦਾ ਅਨਿੰਨ ਸੇਵਕ ਜਿਸ ਦਾ ਕੋਈ ਸਾਨੀ ਨਹੀਂ ਹੈ। ਇਸ ਧਰਤੀ ‘ਤੇ ਸਭ ਤੋਂ ਵੱਧ ਜ਼ੁਲਮ ਤੇ ਅਨਿਆਏ, ਕੇਵਲ ਸਿੱਖ ਧਰਮ ਨਾਲ ਹੋਇਆ ਹੈ। ਪਰ ਗੁਰੂ ਦੇ ਦੁਲਾਰਿਆਂ, ਪਿਆਰਿਆਂ, ਸੂਰਬੀਰਾਂ ਸਿੱਖਾਂ/ਸਿੰਘਾਂ ਨੇ ਸਿੱਖੀ ਅਤੇ ਮਰਯਾਦਾ ਨੂੰ ਅਡੋਲ ਅਤੇ ਸੁਦ੍ਰਿੜ੍ਹ ਰੱਖਦਿਆਂ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਓਟ ਲੈ ਕੇ ਮਰਜੀਵੜਿਆਂ ਦਾ ਗੁਰਮਤਿ ਫ਼ਰਜ਼ ਨਿਭਾਇਆ ਹੈ। ਵਿਗਿਆਨਕ ਸੁੱਖ ਸੁਵਿਧਾਵਾਂ ਮਨੁੱਖਤਾ ਲਈ ਹਨ। ਵਿਗਿਆਨਕ ਕਾਢਾਂ ਦੀ ਜੜ੍ਹ, ਗੁਰਮਤਿ ਵਿਚਾਰਧਾਰਾ ਤੋਂ ਲਈ ਗਈ ਹੈ।
ਗੁਰੂ ਨਾਨਕ ਵਿਚਾਰਧਾਰਾ ਨੂੰ ਲਾਸਾਨੀ ਸ੍ਰੇਸ਼ਟਤਾ ਅਤੇ ਉਤਮ ਉਜਵਲ ਵਰਤਾਰਾ ਸਵੀਕਾਰ ਕਰਨ ਤੋਂ ਸੇਵਾ ਭਾਵਨਾ ਵਾਲਾ ਕਦੇ ਵੀ ਅਸ਼ੁੱਧ ਨਹੀਂ ਹੋ ਸਕਦਾ। ਮਕਾਰੀ, ਦੰਭ ਅਤੇ ਚਤੁਰਾਈ ਕਦੇ ਵੀ ਸਦੀਵੀਂ ਨਹੀਂ ਹੁੰਦੀ। ਸੁਕਰਮ ਅਤੇ ਸ਼ਰਧਾ ਮੂਲਕ ਸੇਵਾ ਦੀ ‘ਏਕਮ ਦ੍ਰਿਸ਼ਟੀ’ ਨੂੰ ਵੀ ਭਾਈ ਘਨ੍ਹੱਈਆ ਜੀ ਨੇ ਗੁਰੂ ਦ੍ਰਿਸ਼ਟੀ ਅਨੁਭਵਿਆ ਅਤੇ ਸਦੈਵ ਗੁਰੂ ਘਰ ਦੇ ਸੇਵਕ ਅਤੇ ਨਿਰਮਾਣ ਸੰਜਮੀ ਗੁਰਸਿੱਖ ਰਹੇ। ਆਪ ਨੇ ਗੁਰੂ ਘਰ ਤੋਂ ਸਭ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਭਾਈ ਸੇਵਾ ਰਾਮ ਜੀ ਅਤੇ ਭਾਈ ਸੂਰੀ ਸ਼ਾਹ ਜੀ ਆਪ ਦੇ ਅਨਿੰਨ ਸੇਵਕ ਸਨ। ਸੇਵਾ ਪੰਥੀ ਸੰਪ੍ਰਦਾਇ ਲਈ ਮਹਾਨ ਕਾਰਜ ਭਾਈ ਸੇਵਾ ਰਾਮ ਜੀ ਅਤੇ ਭਾਈ ਅੱਡਣ ਸ਼ਾਹ ਜੀ ਨੇ ਕੀਤੇ। ਇਸ ਸੰਪ੍ਰਦਾਇ ਦਾ ਨਾਮ ਹੀ ਅੱਡਣ ਸ਼ਾਹੀ ਪੈ ਗਿਆ। ਇਹ ਸੰਪ੍ਰਦਾ ਵਰਤਮਾਨ ਸਮੇਂ ਵੀ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਤਨੋਂ-ਮਨੋਂ ਅਤੇ ਆਤਮਕ ਉਤਸ਼ਾਹ ਨਾਲ ਕਰ ਰਹੀ ਹੈ। ਅਜੋਕੇ ਭੌਤਿਕ ਅਤੇ ਪਦਾਰਥਵਾਦੀ ਦਵੰਦ ਦੇ ਯੁੱਗ ਵਿੱਚ ਭਾਈ ਘਨ੍ਹੱਈਆ ਜੀ ਦੇ ਸਮਰੂਪ ਗੁਰਸਿੱਖ ਲੱਭਣਾ ਕਠਿਨ ਹੀ ਨਹੀਂ ਅਸੰਭਵ ਵੀ ਹੈ।ਸੇਵਾ ਤੇ ਸਿਮਰਨ ਦੀ ਮੂਰਤ ਭਾਈ ਘਨ੍ਹੱਈਆ ਜੀ ਨਾਮ ਬਾਣੀ ਦੇ ਰਸੀਏ ਸਨ। ਆਪ ਅੰਤ ਸਮਾਂ ਨੇੜੇ ਆਇਆ ਜਾਣ ਕੇ 1718 ਈਸਵੀ ਵਿੱਚ ਉਰਾਂ ਕਵ੍ਹੇ ਵਿੱਚ ਰੋਜ਼ਾਨਾ ਹੀ ਕੀਰਤਨ ਸੁਣਦੇ ਰਹਿੰਦੇ ਸਨ। ਅੰਤਲੇ ਸਮੇਂ ਵੀ ਆਪ ਥੰਮ੍ਹ ਨਾਲ ਢੋਅ ਲਾ ਕੇ ਕੀਰਤਨ ਸੁਣ ਰਹੇ ਸਨ। ਕੀਰਤਨ ਦੀ ਸਮਾਪਤੀ ’ਤੇ ਵੀ ਜਦ ਆਪ ਦੀ ਸਮਾਧੀ ਨਾ ਖੁੱਲ੍ਹੀ ਤਾਂ ਸੰਗਤਾਂ ਦੇ ਹਿਲਾਉਣ ’ਤੇ ਪਤਾ ਲੱਗਾ ਕਿ ਆਪ ਸੱਚਖੰਡ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।