ਸਾਰਾ ਪਰਿਵਾਰ ਗਵਾ ਕੇ 26 ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ‘ਚ ਰਹਿ ਰਹੀ ਹੈ ਸਿਰੜ ਰੱਖਣ ਵਾਲੀ ਮਾਂ ਸੇਵਾ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਪ੍ਰਾਣ ਤਿਆਗਣਾ ਹੈ ਇਕੋ-ਇਕ ਇੱਛਾ ਅੰਮ੍ਰਿਤਸਰ, 22 ਜੁਲਾਈ -ਸਿੱਖਾਂ ਦਾ ਇਤਿਹਾਸ ਕੁਰਬਾਨੀਆਂ ਨਾਲ ਲਪਾਲਪ ਹੈ, ਜਿਸ ਦੇ ਪੈਗੰਬਰਾਂ ਤੋਂ ਲੈ ਕੇ ਬਾਲ ਅਨੁਆਈਆਂ ਤੱਕ ਨੇ ਕੌਮ ਖਾਤਰ ਸ਼ਹੀਦੀਆਂ ਦੇ […]

ਸਾਰਾ ਪਰਿਵਾਰ ਗਵਾ ਕੇ 26 ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ‘ਚ ਰਹਿ ਰਹੀ ਹੈ ਸਿਰੜ ਰੱਖਣ ਵਾਲੀ ਮਾਂ
ਸੇਵਾ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਪ੍ਰਾਣ ਤਿਆਗਣਾ ਹੈ ਇਕੋ-ਇਕ ਇੱਛਾ
ਅੰਮ੍ਰਿਤਸਰ, 22 ਜੁਲਾਈ -ਸਿੱਖਾਂ ਦਾ ਇਤਿਹਾਸ ਕੁਰਬਾਨੀਆਂ ਨਾਲ ਲਪਾਲਪ ਹੈ, ਜਿਸ ਦੇ ਪੈਗੰਬਰਾਂ ਤੋਂ ਲੈ ਕੇ ਬਾਲ ਅਨੁਆਈਆਂ ਤੱਕ ਨੇ ਕੌਮ ਖਾਤਰ ਸ਼ਹੀਦੀਆਂ ਦੇ ਕੇ ਜਿਥੇ ਇਸ ਨੂੰ ਲਾਮਿਸਾਲ ਬਣਾ ਦਿੱਤਾ, ਓਥੇ ਧਰਮ ਖਾਤਰ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲ ‘ਚ ਪਵਾਉਣ ਵਾਲੀਆਂ ਮਾਵਾਂ ਦੇ ਸਿਰੜ ਦਾ ਵੀ ਕੋਈ ਜੋੜ ਨਹੀਂ ਪਰ ਮੌਜੂਦਾ ਸਮੇਂ ਜਦੋਂ ਧਰਮ ਲਈ ਜਾਨਾਂ ਦੇਣ ਵਾਲੇ ਘੱਟ ਤੇ ਸ਼ਹੀਦਾਂ ਦੇ ਮੁੱਲ ਵੱਟਣ ਵਾਲੇ ਵਧੇਰੇ ਸਰਗਰਮ ਹੋ ਗਏ ਹਨ, ਉਦੋਂ ਇਕ ਮਾਂ ਦੇ ਰੂਪ ‘ਚ ਅਨੋਖਾ ਚਿਹਰਾ ਸਾਹਮਣੇ ਆਇਆ ਹੈ ਜੋ ਪੰਥ ਖਾਤਰ ਆਪਣਾ ਸਾਰਾ ਪਰਿਵਾਰ ਵਾਰਨ ਮਗਰੋਂ ਵੀ ਉਸ ਪਰਮਾਤਮਾ ਦੀ ਰਜ਼ਾ ‘ਚ ਸਿਦਕ ਨਾਲ ਪਿਛਲੇ 26 ਸਾਲ ਤੋਂ ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ‘ਚ ਗੁੰਮਨਾਮ ਜ਼ਿੰਦਗੀ ਜੀਅ ਰਹੀ ਹੈ।
ਜੀਵਨ ਦੇ ਸੱਤ ਦਹਾਕੇ ਪਾਰ ਕਰ ਚੁੱਕੀ ਮਾਤਾ ਗੁਰਜੀਤ ਕੌਰ ਰੋਜ਼ਾਨਾ ਪਰਿਕਰਮਾ ‘ਚ ਸੇਵਾ ਕਰਦਿਆਂ ਗੁਰੂ ਦੀ ਮਰਜ਼ੀ ਨੂੰ ਭਾਣਾ ਕਹਿ ਕੇ ਖਿੜੇ-ਮੱਥੇ ਨਜ਼ਰ ਆਉਂਦੀ ਹੈ। ਉਸ ਦੇ ਸਿਦਕੀ ਮਸਤਕ ਅੰਦਰ ਲੁਕੀ ਲਹੂ ਭਿੱਜੀ ਪੀੜ ਬੇਸ਼ੱਕ ਸਾਹਮਣੇ ਨਹੀਂ ਦਿਸਦੀ ਪਰ ਫਰੋਲਣ ‘ਤੇ ਸੁਣਨ ਵਾਲੇ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਫਿਰੋਜ਼ਪੁਰ ਦੇ ਜ਼ੀਰਾ ਨਜ਼ਦੀਕ ਪਿੰਡ ਸੋਢੀ ਵਾਲਾ ‘ਚ 90ਵੇਂ ਦਹਾਕੇ ਦੇ ਸ਼ੁਰੂ ਤੱਕ ਇਸ ਮਾਤਾ ਦਾ ਚਾਰ ਪੁੱਤਾਂ ਅਤੇ ਇਕ ਧੀ ਸਮੇਤ ਹੱਸਦਾ-ਵੱਸਦਾ ਕਿਰਸਾਨੀ ਪਰਿਵਾਰ ਸੀ, ਜੋ ਵਾਹੀ ਜੋਤੀ ਤੋਂ ਬਿਨਾਂ ਦੁਕਾਨ ਵੀ ਕਰਦੇ ਸਨ। ਉਸ ਸਮੇਂ ਪੰਜਾਬ ‘ਚ ਚੱਲੀ ਕਾਲੀ ਹਨੇਰੀ ਦੇ ਜਮਦੂਤ ਪਤਾ ਨਹੀਂ ਕਿਧਰੋਂ ਇਸ ਪਰਿਵਾਰ ‘ਤੇ ਨਿਗਾਹ ਲਗਾ ਬੈਠੇ ਤੇ 1991 ਦੌਰਾਨ ਕੁਝ ਮਹੀਨਿਆਂ ਦੇ ਵਕਫੇ ‘ਚ ਹੀ ਮਾਤਾ ਗੁਰਜੀਤ ਕੌਰ ਦੇ ਕ੍ਰਮਵਾਰ 23, 22, 18, 14 ਸਾਲ ਦੇ ਚਾਰ ਜਵਾਨ ਪੁੱਤ ਅਤੇ 8 ਸਾਲਾਂ ਦੀ ਬਾਲੜੀ ਧੀ ਨੂੰ ਵੱਖ-ਵੱਖ ਸਮੇਂ ਅੱਤਵਾਦ ਦੇ ਨਾਂਅ ਹੇਠ ਮਾਰ ਦਿੱਤਾ ਗਿਆ, ਜਿਨ੍ਹਾਂ ‘ਚੋਂ ਉਹ ਇਕ ਪੁੱਤ ਅਤੇ ਧੀ ਦਾ ਹੀ ਹੱਥੀਂ ਸਸਕਾਰ ਕਰ ਸਕੀ।
ਧੁਰ ਕੀ ਬਾਣੀ ਦੇ ਰਸਭਿੰਨੇ ਕੀਰਤਨ ਦੌਰਾਨ ਪਰਿਕਰਮਾ ‘ਚ ਅਡੋਲ ਬੈਠੀ ਉਕਤ ਸਿਰੜੀ ਮਾਂ ਆਪਣੀ ਦਾਸਤਾਨ ‘ਚ ਦੱਸਦੀ ਹੈ ਕਿ ਉਸ ਦੇ ਪਤੀ ਨਾਲ ਵੱਡਾ ਪੁੱਤਰ ਤਰਲੋਕ ਸਿੰਘ ਛੋਟੀ ਉਮਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੋਲ ਪ੍ਰਚਾਰ ਸੁਣਨ ਜਾਣ ਕਾਰਨ ਗੁਰਸਿੱਖੀ ਰਹਿਤ ਦਾ ਧਾਰਨੀ ਸੀ। ਪੁਲਿਸ ਵੱਲੋਂ ਉਸ ਦਾ ਨਾਂਅ ਖਾੜਕੂਆਂ ‘ਚ ਸ਼ਾਮਿਲ ਕਰਨ ਮਗਰੋਂ ਮਾਰਚ 91 ਨੂੰ ਘਰ ‘ਚ ਛਾਪਾ ਮਾਰਿਆ ਗਿਆ, ਜਿਥੇ ਉਸ ਦੇ ਪੁੱਤਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ, ਕੋਲ ਖੜ੍ਹੀ 8 ਸਾਲਾ ਮਾਸੂਮ ਭੈਣ ਸ਼ਰਨਜੀਤ ਕੌਰ ਦੀਆਂ ਚੀਕਾਂ ਨਿਕਲ ਗਈਆਂ ਅਤੇ ਉਹ ਇੱਟ ਫੜ ਕੇ ਗੋਲੀ ਮਾਰਨ ਵਾਲੇ ਪੁਲਿਸ ਅਧਿਕਾਰੀ ਵੱਲ ਵਧੀ ਤਾਂ ਅਗਲੇ ਪਲ ਹੀ ਉਹ ਵੀ ਢੇਰ ਹੋ ਗਈ। ਇਥੇ ਹੀ ਉਨ੍ਹਾਂ ਦੇ ਕਾਮੇ ਕੁਲਵੰਤ ਸਿੰਘ ਨੂੰ ਵੀ ਪੁਲਿਸ ਨੇ ਖ਼ਤਮ ਕਰ ਦਿੱਤਾ। ਗੁਰਜੀਤ ਕੌਰ ਦੱਸਦੀ ਹੈ ਕਿ ਉਸ ਦੇ ਬਚੇ ਤਿਨੋਂ ਪੁੱਤਰਾਂ ‘ਚ ਦਹਿਸ਼ਤ ਕਾਰਨ ਉਸ ਨੇ ਇਕੱਲੀ ਨੇ ਆਪਣੇ ਧੀ-ਪੁੱਤ ਦਾ ਸਸਕਾਰ ਕੀਤਾ।
ਉਸ ਨੇ ਸਬਰ ਦਾ ਪੱਲਾ ਫੜਿਆ ਤਾਂ ਸਿਰਫ ਚਾਰ ਮਹੀਨੇ ਬਾਅਦ ਉਸ ਦੇ ਦੂਸਰੇ 22 ਸਾਲਾ ਪੁੱਤਰ ਕਸ਼ਮੀਰ ਸਿੰਘ ਨੂੰ ਪੁਲਿਸ ਦੁਕਾਨ ਤੋਂ ਚੁੱਕ ਕੇ ਲੈ ਗਈ ਤੇ ਸ਼ਹੀਦ ਕਰਨ ਮਗਰੋਂ ਸੇਮ ਨਾਲੇ ‘ਚ ਲਾਸ਼ ਸੁੱਟ ਦਿੱਤੀ ਗਈ। ਇਸ ਮਗਰੋਂ ਖਾੜਕੂਆਂ ਨੂੰ ਪਨਾਹ ਦੇਣ ਦੇ ਦੋਸ਼ਾਂ ‘ਚ ਮਾਤਾ ਗੁਰਜੀਤ ਕੌਰ ਨੂੰ ਵੀ ਪੁਲਿਸ ਨੇ ਚੁੱਕ ਲਿਆ ਤੇ ਅੰਨ੍ਹਾ ਤਸ਼ੱਦਦ ਕੀਤਾ। ਥੋੜ੍ਹੇ ਚਿਰ ਬਾਅਦ ਛੋਟੇ ਦੋਵੇਂ ਪੁੱਤਰਾਂ ਜਸਪਾਲ ਸਿੰਘ ਉਮਰ 18 ਸਾਲ ਤੇ ਬਲਜਿੰਦਰ ਸਿੰਘ 14 ਸਾਲ ਨੂੰ ਵੀ ਕ੍ਰਮਵਾਰ ਸਤੰਬਰ, 91 ਤੇ ਦਸੰਬਰ, 91 ‘ਚ ਪੁਲਿਸ ਨੇ ਅੰਦਰਖਾਤੇ ਮਾਰ ਮੁਕਾਇਆ, ਜਿਸ ਦੀ ਸੂਚਨਾ ਮਾਤਾ ਨੂੰ ਕਈ ਚਿਰ ਬਾਅਦ ਮਿਲੀ। ਪੁਲਿਸ ਗ੍ਰਿਫ਼ਤ ‘ਚ ਗੁਰਜੀਤ ਕੌਰ ‘ਤੇ ਕਈ ਕੇਸ ਪਾ ਦਿੱਤੇ ਗਏ ਤੇ ਪੈਰਾਂ-ਹੱਥਾਂ ਦੇ ਨਹੁੰ ਖਿੱਚਣ ਵਰਗੇ ਤਸੀਹੇ ਦਿੱਤੇ ਗਏ। ਫਿਰੋਜ਼ਪੁਰ ਸੈਂਟਰਲ ਜੇਲ੍ਹ ‘ਚੋਂ ਕਰੀਬ ਡੇਢ ਵਰ੍ਹੇ ਮਗਰੋਂ ਜਦੋਂ 1993 ‘ਚ ਉਹ ਬਾਹਰ ਆਈ ਤਾਂ ਸ਼ਰੀਕਾਂ ਨੇ ਪੈਲੀ, ਕਾਰੋਬਾਰ ਵੀ ਖੋਹ ਲਿਆ ਸੀ, ਜਿਸ ਕਾਰਨ ਉਹ ਘਰ ਨਾ ਪਰਤੀ ਤੇ ‘ਗੁਰੂ ਰਾਮਦਾਸ’ ਦੀ ਸ਼ਰਨ ‘ਚ ਆ ਗਈ।
ਭਾਣਾ ਕਹਿ ਕੇ ਮੰਨਿਆ
ਉਪਰੋਕਤ ਵਰਤਾਰਾ ਭਾਵੇਂ ਪੰਜਾਬ ਦੀਆਂ ਹੋਰਨਾਂ ਮਾਵਾਂ ਨਾਲ ਵੀ ਕਾਲੀ ਰਾਤ ਦੌਰਾਨ ਵਾਪਰਿਆ ਪਰ ਮਾਤਾ ਗੁਰਜੀਤ ਕੌਰ ਦੀ ਵਿਸ਼ੇਸ਼ਤਾ ਇਹ ਹੈ ਕਿ ਉਸ ਨੇ ਆਪਣੇ ਦੁੱਖ ਨੂੰ ਕਿਸੇ ‘ਤੇ ਲੱਦਣ ਦੀ ਥਾਂ ਭਾਣਾ ਕਹਿ ਦਿੱਤਾ। 26 ਸਾਲ ਦਿਨੇ ਸੇਵਾ ਅਤੇ ਰਾਤ ਨੂੰ ਕਿਸੇ ਸਰਾਂ ‘ਚ ਸਮਾਂ ਲੰਘਾਉਣ ਵਾਲੀ ਗੁਰਜੀਤ ਕੌਰ ਨੇ ਆਪਣੀ ਵਿੱਥਿਆ ਹੁਣ ਤੱਕ ਕਿਸੇ ਨੂੰ ਦੁਖੀ ਲਹਿਜੇ ‘ਚ ਨਹੀਂ ਸੁਣਾਈ। ਪੁੱਤਰਾਂ ਨੂੰ ਵੀਰ ਤੇ ਧੀ ਨੂੰ ਭੈਣ ਦੱਸਦਿਆਂ ਉਹ ਤਸੱਲੀ ਪ੍ਰਗਟਾਉਂਦੀ ਹੈ ਕਿ ‘ਗੁਰੂ ਨੇ ਦਿੱਤੇ ਸਨ ਓਹੀ ਲੈ ਗਿਆ, ਫਿਰ ਰੋਸ ਕਾਹਦਾ’। ਆਪਣੀ ਮੁਕੰਮਲ ਜਾਇਦਾਦ ਇਕ ਸੂਟ ਵਾਲੇ ਲਿਫਾਫੇ ‘ਚ ਲਪੇਟੀ ਮਾਤਾ ਗੁਰਜੀਤ ਕੌਰ ਦੇ ਮੂੰਹ ‘ਤੇ ਕਿਸੇ ਸਰਕਾਰ ਖ਼ਿਲਾਫ਼ ਮਿਹਣਾ ਜਾਂ ਕਿਸੇ ਮਦਦ ਦੀ ਮੰਗ ਕਦੀ ਨਹੀਂ ਆਏ। ਪੁਲਿਸ ਤਸ਼ੱਦਦ ਦੇ ਗਵਾਹ ਖਿੱਚੇ ਨਹੁੰਆਂ ‘ਤੇ ਹੱਥ ਫੇਰਦਿਆਂ ਉਹ ਦੱਸਦੀ ਹੈ ਕਿ ਮਨ ‘ਚ ਵਿਰਾਗ ਤਾਂ ਸੀ, ਜਿਸ ਕਾਰਨ ਉਸ ਨੇ 8 ਸਾਲ ਰੋਟੀ ਵੀ ਨਹੀਂ ਖਾਧੀ ਪਰ ਇਥੇ ਰਹਿੰਦਿਆਂ ਗੁਰੂ ਨੇ ਆਪੇ ਸਿਦਕ ਦੇ ਦਿੱਤਾ। ਕਿਸੇ ਪਛਤਾਵੇ ਜਾਂ ਆਸ ਨੂੰ ਨਕਾਰਦਿਆਂ ਉਹ ਕਹਿੰਦੀ ਹੈ ਕਿ ਸੇਵਾ ਕਰਦਿਆਂ ਉਸ ਤੋਂ ਕੋਈ ਕੁਤਾਹੀ ਨਾ ਹੋਵੇ ਅਤੇ ਉਸ ਦੇ ਸੁਆਸ ਵੀ ਪਰਿਕਰਮਾ ‘ਚ ਹੀ ਨਿਕਲਣ, ਬੱਸ ਇਹੀ ਇੱਕ ਇੱਛਾ ਹੈ।