ਇਕ ਵਾਰ ਪੇਸ਼ਾਵਰ ਤੋਂ ਸੰਗਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾ ਲਈ ਅਨੰਦਪੁਰ ਆਇਆ.. ਉਨ੍ਹਾਂ ਸੰਗਤਾਂ ਵਿਚ ਇਕ 15 ਸਾਲਾਂ ਦਾ ਨੌਜ਼ਵਾਨ ਸੀ.. ਉਹ ਨੌਜ਼ਵਾਨ ਆਪਣੀ ਉਮਰ ਨਾਲੋ ਵੱਧ ਚੁਸਤ ਨਜ਼ਰ ਆਉਂਦਾ ਸੀ.. ਜਦੋਂ ਉਹ ਗੁਰੂ ਜੀ ਦੇ ਚਰਣੀ ਸੀਸ ਨੀਵਾ ਰਿਹਾ ਸੀ ਤਾਂ ਗੁਰੂ ਜੀ ਨੇ ਉਸ ਨੂੰ ਸਵਾਲ ਕੀਤਾ, ਭਾਈ “ਸਿੱਖਾਂ ! […]

ਇਕ ਵਾਰ ਪੇਸ਼ਾਵਰ ਤੋਂ ਸੰਗਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾ ਲਈ ਅਨੰਦਪੁਰ ਆਇਆ.. ਉਨ੍ਹਾਂ ਸੰਗਤਾਂ ਵਿਚ ਇਕ 15 ਸਾਲਾਂ ਦਾ ਨੌਜ਼ਵਾਨ ਸੀ.. ਉਹ ਨੌਜ਼ਵਾਨ ਆਪਣੀ ਉਮਰ ਨਾਲੋ ਵੱਧ ਚੁਸਤ ਨਜ਼ਰ ਆਉਂਦਾ ਸੀ.. ਜਦੋਂ ਉਹ ਗੁਰੂ ਜੀ ਦੇ ਚਰਣੀ ਸੀਸ ਨੀਵਾ ਰਿਹਾ ਸੀ ਤਾਂ ਗੁਰੂ ਜੀ ਨੇ ਉਸ ਨੂੰ ਸਵਾਲ ਕੀਤਾ, ਭਾਈ “ਸਿੱਖਾਂ ! ਤੇਰਾ ਨਾਮ ਕੀ ਹੈ ?” ਉਸ ਨੇ ਉਤਰ ਦਿਤਾ, “ਸੱਚੇ ਪਾਤਸ਼ਾਹ ਮੇਰਾ ਨਾਮ ਜੋਗਾ ਹੈ “..

ਗੁਰੂ ਜੀ ਨੇ ਸਵਾਲ ਕੀਤਾ, “ਭਾਈ, ਕਿਸ ਜੋਗਾ?”

ਉਸ ਨੌਜ਼ਵਾਨ ਨੇ ਬੜੀ ਫੁਰਤੀ ਨਾਲ ਉਤਰ ਦਿਤਾ, “ਸੱਚੇ ਪਿਤਾ, ਆਪ ਜੋਗਾ..”
ਸਤਿਗੁਰੂ ਨੇ ਉਸ ਨੂੰ ਕਿਹਾ, “ਅੱਛਾ ਭਾਈ ਜੋਗੇ, ਅੱਜ ਤੋਂ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗੇ..”

ਭਾਈ ਜੋਗੇ ਨੇ ਗੁਰੂ ਜੀ ਦੇ ਬਚਨ ਸੁਣ ਕੇ ਆਪਣੇ ਮਾਤਾ ਪਿਤਾ ਪਾਸੋ ਗੁਰੂ ਘਰ ਵਿੱਚ ਰਹਿਣ ਦੀ ਪ੍ਰਵਾਨਗੀ ਲੈ ਲਈ.. ਜੋਗੇ ਦੇ ਮਾਤਾ ਪਿਤਾ ਉਸ ਨੂੰ ਗੁਰੂ ਪਾਸ ਛੱਡ ਕੇ ਵਾਪਸ ਪੇਸ਼ਾਵਰ ਚਲੇ ਗਏ.. ਜੋਗੇ ਨੇ ਉਸ ਦਿਨ ਤੋਂ ਹੀ ਸੰਗਤ ਦੀ ਤਨ – ਮਨ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ.. ਉਸ ਨੇ ਅੰਮ੍ਰਿਤ ਛੱਕ ਲਿਆ ਤੇ ਜੋਗੇ ਤੋਂ ਜੋਗਾ ਸਿੰਘ ਬਣ ਗਿਆ..

ਉਸ ਦੇ ਮਾਤਾ ਪਿਤਾ ਨੇ ਕੁਝ ਸਮੇਂ ਬਾਅਦ ਉਸ ਦੀ ਮੰਗਣੀ ਕਰ ਦਿੱਤੀ.. ਵਿਆਹ ਦੇ ਯੋਗ ਹੋਣ ਤੇ, ਵਿਆਹ ਦੀ ਤਾਰੀਖ ਪੱਕੀ ਕਰਕੇ.. ਉਸ ਦੇ ਮਾਤਾ ਪਿਤਾ ਉਸ ਨੂੰ ਅਨੰਦਪੁਰ ਤੋਂ ਲੈਣ ਆ ਗਏ.. ਪਿਤਾ ਦੇ ਕਹਿਣ ਤੇ, ਭਾਈ ਜੋਗਾ ਸਿੰਘ ਨੇ ਗੁਰੂ ਜੀ ਪਾਸੋ ਜਾਣ ਦੀ ਆਗਿਆ ਮੰਗੀ..

ਗੁਰੂ ਜੀ ਨੇ ਉਸ ਨੂੰ ਕਿਹਾ, ਭਾਈ ਜੋਗਾ ਸਿੰਘ, ਤੂੰ ਬੜੀ ਖੁਸ਼ੀ ਨਾਲ ਵਿਆਹ ਕਰਵਾਉਣ ਲਈ ਪੇਸ਼ਾਵਰ ਆਪਣੇ ਮਾਤਾ ਪਿਤਾ ਨਾਲ ਜਾ ਸਕਦਾ ਹੈ ਪਰ ਇਕ ਸ਼ਰਤ ਹੈ, ਜਦੋ ਅਸੀਂ ਯਾਦ ਕਰੀਏ ਤਾ ਤੂੰ ਸਾਰੇ ਕੰਮ-ਕਾਰ ਛੱਡ ਕੇ ਤੁਰੰਤ ਸਾਡੇ ਪਾਸ ਹਾਜ਼ਰ ਹੋਵੀ..”

ਭਾਈ ਜੋਗਾ ਸਿੰਘ ਨੇ ਉੱਤਰ ਦਿੱਤਾ, “ਹਾਂ ਜੀ, ਇਸ ਤਰਾਂ ਹੀ ਹੋਵੇਗਾ..” ਇਹ ਕਹਿ ਕੇ ਉਸ ਨੇ ਗੁਰੂ ਜੀ ਦੇ ਚਰਨੀ ਹੱਥ ਲਗਾਏ ਤੇ ਮਾਤਾ ਪਿਤਾ ਦੇ ਨਾਲ ਚਲਾ ਗਿਆ.. ਵਿਆਹ ਦੇ ਸ਼ੁਭ ਦਿਨ ਆਉਣ ਉਪਰ ਉਸ ਦੇ ਵਿਆਹ ਦੀ ਰਸਮ ਸ਼ੁਰੂ ਹੋ ਗਈ..
ਉਸੇ ਸਮੇਂ ਦੌਰਾਨ, ਰਸਮਾਂ ਦਾ ਵਿਚਕਾਰ ਹੀ ਹੁਕਮ ਅਨੁਸਾਰ ਇਕ ਸਿੰਘ ਨੇ ਭਾਈ ਜੋਗਾ ਸਿੰਘ ਨੂੰ ਇੱਕ ਪੱਤਰ ਹੱਥ ਫੜਾ ਦਿੱਤਾ ਜਿਸ ਵਿੱਚ ਗੁਰੂ ਜੀ ਦਾ ਹੁਕਮ ਲਿਖਿਆ ਸੀ, ਭਾਈ ਜੋਗਾ ਸਿੰਘ ਨੇ ਉਹ ਪੱਤਰ ਖੋਲ ਕੇ ਪੜਿਆ ਤਾਂ ਉਸ ਵਿੱਚ ਲਿਖਿਆ ਸੀ “ਇਸ ਨੂੰ ਪੜਦੇ ਸਾਰ ਸਾਡੇ ਪਾਸ ਅਨੰਦਪੁਰ ਹਾਜ਼ਰ ਹੌ..”

ਭਾਈ ਜੋਗਾ ਸਿੰਘ ਨੇ ਚਿੱਠੀ ਪੜ ਦੇ ਸਾਰ ਹੀ ਘਰਦਿਆਂ ਨੂੰ ਕਿਹਾ ਕਿ ” ਮੇਰੇ ਗੁਰੂ ਨੇ ਮੈਨੂੰ ਸਾਰੇ ਕੰਮ-ਕਾਰ ਛੱਡ ਕੇ ਆਉਣ ਲਈ ਲਿਖਿਆ ਹੈ, ਸੋ ਮੇਰਾ ਜਾਣਾ ਹੀ ਬੰਦਾ ਹੈ..” ਉਸ ਨੇ ਘੋੜੇ ਉਪਰ ਛਾਲ ਮਾਰੀ ਤੇ ਅਨੰਪੁਰ ਵੱਲ ਚਲ ਪਿਆ..

ਭਾਈ ਜੋਗਾ ਸਿੰਘ ਨੂੰ ਹੁਸ਼ਿਆਰਪੁਰ ਪੁੱਜਣ ਤਕ ਸ਼ਾਮਾਂ ਪੈ ਗਈਆਂ..ਰੁੱਕ ਗਿਆ… ਉਸ ਦੇ ਮੰਨ ਵਿੱਚ ਆਇਆ, ” ਕੀ ਉਸ ਵਰਗਾ ਵੀ ਕੋਈ ਗੁਰੂ ਦਾ ਸਿੱਖ ਹੋ ਸਕਦਾ ਹੈ ਜਿਹੜਾ ਆਪਣਾ ਵਿਆਹ ਵਿਚਾਲੇ ਹੀ ਛੱਡ ਕੇ ਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਹੋਵੇ ?” ਉਸ ਨੂੰ ਆਪਣੇ ਆਪ ਉਪਰ ਮਾਣ ਹੋ ਗਿਆ.. ਹਉਮੈ ਆ ਗਈ.. ਮੇਰੇ ਵਰਗਾ ਕੋਈ ਸਿੱਖ ਨੀ ਹੋਣਾ..

ਹੁਸ਼ਿਆਰਪੁਰ ਸ਼ਹਿਰ ਵਿੱਚ ਰਾਤ ਪਹਿਣ ਕਰਕੇ ਜੋਗਾ ਸਿੰਘ ਨੇ ਉੱਥੇ ਰੁਕਣ ਦਾ ਫੈਸਲਾ ਕੀਤਾ.. ਇਸ ਸ਼ਹਿਰ ਦੇ ਬਾਜ਼ਾਰ ਵਿੱਚ ਇੱਕ ਵੇਸਵਾ ਦਾ ਕੋਠਾ ਸੀ ਜਿੱਥੇ ਨਾਚ ਗਾਣਾ ਹੋ ਰਿਹਾ ਸੀ..ਮੰਨ ਵਿੱਚ ਹੰਕਾਰ ਹੋਣ ਕਰਕੇ ਜੋਗਾ ਸਿੰਘ ਦੀ ਬੁੱਧੀ ਤੇ ਪਰਦਾ ਪੈ ਗਿਆ ਅਤੇ ਮੰਨ ਵਿੱਚ ਗਲਤ ਫੁਰਨੇ ਬਣਨੇ ਸ਼ੁਰੂ ਹੋ ਗਏ.. ਬੁੱਧੀ ਤੇ ਪਰਦਾ ਪਹਿਣ ਕਰਕੇ ਉਸਦੇ ਕਦਮ ਵੇਸਵਾ ਦੇ ਦਰਵਾਜ਼ੇ ਵੱਲ ਨੂੰ ਵੜਨ ਲਗੇ..

ਘੱਟ-ਘੱਟ ਵਿੱਚ ਵਸਣ ਵਾਲੇ ਦਾਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਇੱਕ ਸਿੰਘ ਦਾ ਭੇਸ਼ ਬਣਾ ਵੇਸਵਾ ਦੇ ਦੁਆਰੇ ਜਾ ਕੇ ਪੋੜੀ (Stairs) ਤੇ ਆਣ ਖਲੋਤੇ.. ਭਾਈ ਜੋਗਾ ਸਿੰਘ ਨੇ ਦੇਖਿਆ ਕਿ ਇਕ ਸਿੰਘ ਉਸ ਵੇਸਵਾ ਦੇ ਦਰਵਾਜ਼ੇ ਅੱਗੇ ਖੜਾ ਹੈ.. (ਕੋਈ ਦਵਾਰਪਾਲ ਵੀ ਆਖਦੇ ਨੇ ਜਿਨੇ ਰੋਕ ਲਿਆ ਭਾਈ ਜੋਗੇ ਨੂੰ ) ਜਦੋ ਉਹ ਪਾਸੇ ਚਲਾ ਜਾਵੇਗਾ ਤਾਂ ਮੈਂ ਅੰਦਰ ਜਾਵਾਂਗਾ.. ਇਹ ਸੋਚ ਕੇ ਉਹ ਪਿੱਛੇ ਮੁੜ ਗਿਆ..

ਕੁਝ ਦੇਰ ਪਿੱਛੋਂ ਫੇਰ ਉਹ ਵੇਸਵਾ ਦੇ ਦਰਵਾਜ਼ੇ ਵੱਲ ਆਇਆ ਤਾ ਕਿ ਦੇਖਦਾ ਹੈ ਕਿ ਸਿੰਘ ਅਜੇ ਵੀ ਖੜਾ ਹੈ.. ਉਸ ਨੂੰ ਦੇਖ ਕੇ ਜੋਗਾ ਸਿੰਘ ਫੇਰ ਮੁੜ ਗਿਆ.. ਇਸ ਤਰਾਂ ਭਾਈ ਜੋਗਾ ਸਿੰਘ ਸਾਰੀ ਰਾਤ ਉਸ ਵੇਸਵਾ ਦੇ ਦਰਵਾਜ਼ੇ ਵੱਲ ਚੱਕਰ ਮਾਰਦਾ ਰਿਹਾ ਪਰ ਉਹ ਸਿੰਘ ਨੂੰ ਦਰਵਾਜ਼ੇ ਅੱਗੇ ਖੜਾ ਦੇਖ ਕੇ ਮੁੜ ਜਾਂਦਾ ਰਿਹਾ.. ਇਸ ਤਰਾਂ ਸਾਰੀ ਰਾਤ ਉਸ ਨੇ ਚਕਰਾ ਵਿਚ ਗੁਜ਼ਾਰ ਦਿੱਤੀ..

ਅੰਮ੍ਰਿਤ ਵੇਲੇ ਜਦੋ ਜੋਗਾ ਸਿੰਘ ਫੇਰ ਦੇਖਣ ਆਇਆ ਤਾ ਸਿੰਘ ਨੇ ਉਸ ਨੂੰ ਰੋਕ ਕੇ ਕਿਹਾ, “ਭਾਈ ਜੋਗਾ ਸਿੰਘ, ਅੰਮ੍ਰਿਤ ਵੇਲਾ ਹੋ ਗਿਆ ਹੈ.. ਜਾ ਇਸ਼ਨਾਨ ਕਰ ਤੇ ਉਸ ਮਾਲਕ ਦਾ ਨਾਮ ਜਪ..”

ਇਹ ਸੁਣ ਕੇ ਭਾਈ ਜੋਗਾ ਸਿੰਘ ਨੂੰ ਗਿਆਨ ਹੋਇਆ ਕਿ ਉਹ ਸਾਰੀ ਰਾਤ ਕਿਹੜੇ ਭੈੜੇ ਕੰਮ ਦੀ ਦਲੀਲ ਕਰਦਾ ਰਿਹਾ ਸੀ.. ਫੇਰ ਜੋਗਾ ਸਿੰਘ ਨੇ ਉਸ ਖੜੇ ਸਿੰਘ ਨੂੰ ਪੁਛਿਆ, ਮੈਨੂੰ ਤਾਂ ਤੂੰ ਵੇਸਵਾ ਵੱਲ ਜਾਣ ਤੋਂ ਰੋਕਦਾ ਹੈ ਪਰ ਤੂੰ ਸਿੰਘਾਂ ਇੱਥੇ ਕਿਉਂ ਖੜਾ ਹੈ?
ਤਾਂ ਉਸ ਸਿੰਘ ਨੇ ਆਖਿਆ, ਮੈਂ ਤਾਂ ਕਿਸੇ ਦਾ ਖਲਾਰਿਆ ਖੜਾ ਬਚਨ ਪੂਰਾ ਕਰਦਾ ਹੋਇਆ ਡਿਊਟੀ ਦੇ ਰਿਹਾ ਹਾਂ.

ਇਹ ਸੁਣ ਭਾਈ ਜੋਗਾ ਸਿੰਘ ਸ਼ਰਮਿੰਦਗੀ ਮਹਿਸੂਸ ਕਰਦਾ ਹੋਇਆ ਚਲਾ ਗਿਆ.. ਸੋਚਦਾ ਰਿਹਾ ਕਿ ਉਸ ਨੂੰ ਗੁਰੂ ਜੀ ਨੇ ਆਪ ਆ ਕੇ ਬਚਾ ਲਿਆ, ਨਹੀਂ ਤਾ ਉਹ ਗੁਰੂ ਜੀ ਨੂੰ ਮੂੰਹ ਦਿਖਾਉਣ ਜੋਗਾ ਨਾਂ ਰਹਿੰਦਾ.. ਉਸ ਨੂੰ ਗੁਰੂ ਜੀ ਪਾਸ ਜਾਣ ਤੋਂ ਸ਼ਰਮ ਆਉਣ ਲਗੀ.. ਗੁਰੂ ਤੋਂ ਬਿਨਾ ਉਸ ਪਾਸ ਹੋਰ ਕੋਈ ਠੋਹਰ ਵੀ ਨਹੀਂ ਸੀ ਜਿੱਥੇ ਉਹ ਜਾ ਸਕਦਾ.. ਟੁਟੇ -ਭੱਜੇ ਦਿਲ ਨਾਲ ਉਹ ਅਨੰਦਪੁਰ ਦੀਵਾਨ ਵਿੱਚ ਹਾਜ਼ਰ ਹੋ ਗਿਆ..

ਗੁਰੂ ਜੀ ਨੇ ਦੀਵਾਨ ਦੀ ਸਮਾਪਤੀ ਪਿੱਛੋਂ ਉਸਨੂੰ ਆਪਣੇ ਪਾਸ ਬੁਲਾਇਆ.. ਪੇਸ਼ਾਵਰ ਦੀ ਕੁਰਬਾਨੀ ਦੀ ਸ਼ਾਬਾਸ਼ ਦਿੱਤੀ.. ਸਤਿਗੁਰੂ ਜੀ ਦੇ ਦਰਸ਼ਨ ਕਰਕੇ ਜੋਗਾ ਸਿੰਘ ਪੁਛਦਾ ਹੈ ਸਤਿਗੁਰੂ ਜੀ ਲਗਦਾ ਹੈ ਕਿ ਰਾਤ ਆਪ ਜੀ ਠੀਕ ਤਰਾਂ ਅਰਾਮ ਨਹੀਂ ਕਰ ਸਕੇ.. ਅੱਖਾਂ ਲਾਲ ਨੇ (ਇਹ ਵੀ ਗੁਰੂ ਦੀ ਖੇਡ ਸੀ )

ਸਤਿਗੁਰੂ ਜੀ ਕਹਿੰਦੇ ਜੋਗਾ ਸਿੰਘ ਜਗਾਵੇ ਵੀ ਆਪ ਤੇ ਪੁੱਛੇ ਵੀ ਆਪ ??? ਜੋਗਾ ਸਿੰਘ ਕਹਿੰਦਾ ਸਤਿਗੁਰੂ ਮੈਂ ਸਮਝਿਆ ਨਹੀਂ.. ਸਤਿਗੁਰੂ ਜੀ ਕਹਿੰਦੇ ਜੋਗਿਆ ਪੰਜਵੇ ਜੰਮੇ ਤੱਤੀ ਤਵੀ ਤੇ ਬੈਠੇ ਕੋਈ ਗੱਲ ਨਹੀਂ, ਨੌਵੇਂ ਜੰਮੇ ਸੀਸ ਦਿਤਾ ਕੋਈ ਗੱਲ ਨਹੀਂ ਪਰ ਨਹੀਂ ਪਤਾ ਸੀ ਕਿ ਸਿੱਖੀ ਖਾਤਰ ਦਸਵੇਂ ਜੰਮੇ ਵੇਸਵਾ ਦੇ ਦਰਵਾਜ਼ੇ ਤੇ ਪਹਿਰਾ ਦੇਣਾ-ਪੈਣਾ ਹੈ.. ਇਹ ਸੁਣ ਕੇ ਜੋਗਾ ਸਿੰਘ ਦੇ ਕਪਾਟ ਖੁਲ ਗਏ. ਉਹ ਗੁਰੂ ਜੀ ਦੇ ਚਰਨਾਂ ਤੇ ਗਿਰ ਗਿਆ

ਜੋ ਅਸੀਂ ਪੜਦੇ ਹਾਂ “ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿਥੇ ਕਿਥੇ ਮੈਨੂੰ ਲਏ ਛਡਾਇ ” ਇਹ ਪਰਤੱਖ ਹੋ ਗਿਆ.. ਜੋਗਾ ਸਿੰਘ ਸ਼ਰਮਿੰਦਗੀ ਮਹਿਸੂਸ ਕਰਦਾ ਹੋਇਆ ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ ਤੇ ਮੁਆਫੀ ਮੰਗਣ ਲਗਾ.. ਭਾਈ ਜੋਗਾ ਸਿੰਘ ਨੇ ਗੁਰੂ ਜੀ ਦੇ ਚਰਨਾਂ ਉਪਰ ਸੀਸ ਰੱਖ ਕੇ ਕਿਹਾ, “ਦਾਤਾ ਜੀ, ਆਪ ਬਖਸ਼ਣਹਾਰ ਹੋ, ਆਪਣੇ ਬੱਚੇ ਦੀਆਂ ਭੁੱਲਾਂ ਬਖਸ਼ ਦੇਣਾ ਜੀ, ਮੈਂ ਭੁੱਲ ਗਿਆ.. ਜਿਸ ਵੇਲੇ ਪੰਜ ਪਿਆਰਿਆਂ ਨੇ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਤਾ ਚਾਰ ਕੁਰਹਿਤਾਂ ਵਿੱਚੋ ਤਾਕੀਦ ਕੀਤੀ ਸੀ ਪਰਾਇਆ ਸੰਗ ਨਹੀਂ ਕਰਨਾ, ਮੇਰੀ ਮੱਤ ਤੇ ਹਉਮੈ ਦਾ ਪਰਦਾ ਪੈ ਗਿਆ ਸੀ ਜੋ ਮੈਂ ਵੇਸਵਾ ਵੱਲ ਜਾਣਾ ਕੀਤਾ.. ਸ਼ੁਕਰ ਹੈ ਆਪ ਜੀ ਨੇ ਕਿਰਪਾ ਕਰਕੇ ਮੇਰੀ ਲਾਜ ਰਖੀ.. ਮੈਨੂੰ ਬਖਸ਼ ਦਿਉ ਜੀ..” ਸਤਿਗੁਰੂ ਜੀ ਨੇ ਜੋਗਾ ਸਿੰਘ ਸਿੰਘ ਨੂੰ
ਅਸੀਸਾਂ ਦਿੰਦੇ ਹੋਏ ਬਖਸ਼ ਦਿਤਾ..

ਉਸ ਤੋਂ ਪਿੱਛੋਂ ਭਾਈ ਜੋਗਾ ਸਿੰਘ ਨੇ ਪੂਰਨ ਸਿੱਖ ਦੀ ਨਿਆਈ ਗੁਰੂ ਘਰ ਦੀ ਸੇਵਾ ਕਰਦੇ ਆਪਣੀ ਜ਼ਿੰਦਗੀ ਗੁਜ਼ਾਰੀ..

ਸਿਖਿਆ :-” ” ਜਿਹੜਾ ਗੁਰੂ ਦਾ ਬਣ ਜਾਵੇ ਗੁਰੂ ਜੀ ਵੀ ਉਸਨੂੰ ਆਪਣਾ ਬਣਾ ਲੈਂਦੇ ਹਨ ਤੇ ਜਿਸਨੂੰ ਆਪਣਾ ਬਣਾ ਲੈਣ ਉਸਨੂੰ ਗ਼ਲਤ ਪਾਸੇ ਨਹੀਂ ਜਾਨ ਦਿੰਦੇ ਤੇ ਹਰ ਥਾਂ ਪੈਜ ਸਵਾਰਦੇ ਹਨ..” ”

ਇਤਿਹਾਸ ਨੂੰ ਸਾਖੀਆਂ ਦੇ ਰੂਪ ਵਿਚ ਸੰਗਤਾਂ ਤਕ ਪਹੁੰਚਾਉਣ ਵਿਚ ਕਈ ਗਲਤੀਆਂ ਰਹਿ ਗਈਆਂ ਹੋਣਗੀਆਂ, ਸੰਗਤ ਅਤੇ ਗੁਰੂ ਜੀ ਬਖਸ਼ਣ ਯੋਗ ਹਨ ! ਆਸ ਕਰਦੇ ਹਾਂ ਕਿ ਗਲਤੀਆਂ ਨੂੰ ਨਾਂ ਚਿਤਾਰਦੇ ਹੋਏ ਖਿਮਾ ਕਰੋਗੇ !

ਵਾਹਿਗੁਰੂ ਜੀ ਦਾ ਖਾਲਸਾ
ਵਾਹਿਗੁਰੂ ਜੀ ਦੀ ਫਤਹਿ ਜੀ…