ਸਿੱਖ ਰਾਜ ਦਾ ਨਾਇਕ ਤੇ ਮਜ਼ਲੂਮਾਂ ਦੇ ਹੱਕਾਂ ਦਾ ਅਸਲ ਪਹਿਰੇਦਾਰ: ਬਾਬਾ ਬੰਦਾ ਸਿੰਘ ਬਹਾਦਰ ****25 ਜੂਨ (੧੧ ਹਾੜ) ਸ਼ਹੀਦੀ ਦਿਵਸ ‘ਤੇ ਵਿਸ਼ੇਸ਼ ਲੇਖ: ਸਿੱਖ ਇਤਿਹਾਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਰਾਜ ਦਾ ਮੋਢੀ, ਯੋਧਾ, ਸੂਰਬੀਰ, ਆਪਣਾ ਆਪ ਵਾਰਨ ਵਾਲਾ ਗੁਰੂ ਦਾ ਬਹਾਦਰ ਸਪੂਤ ਹੈ।ਇਤਿਹਾਸ ਗਵਾਹ ਹੈ ਕਿ ਗੁਰੂ ਮੇਲ ਨਾਲ ਉਹ ਬੰਦਾ ਬਣਿਆ। […]

ਸਿੱਖ ਰਾਜ ਦਾ ਨਾਇਕ ਤੇ ਮਜ਼ਲੂਮਾਂ ਦੇ ਹੱਕਾਂ ਦਾ ਅਸਲ ਪਹਿਰੇਦਾਰ: ਬਾਬਾ ਬੰਦਾ ਸਿੰਘ ਬਹਾਦਰ

****25 ਜੂਨ (੧੧ ਹਾੜ) ਸ਼ਹੀਦੀ ਦਿਵਸ ‘ਤੇ ਵਿਸ਼ੇਸ਼

ਲੇਖ: ਸਿੱਖ ਇਤਿਹਾਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਰਾਜ ਦਾ ਮੋਢੀ, ਯੋਧਾ, ਸੂਰਬੀਰ, ਆਪਣਾ ਆਪ ਵਾਰਨ ਵਾਲਾ ਗੁਰੂ ਦਾ ਬਹਾਦਰ ਸਪੂਤ ਹੈ।ਇਤਿਹਾਸ ਗਵਾਹ ਹੈ ਕਿ ਗੁਰੂ ਮੇਲ ਨਾਲ ਉਹ ਬੰਦਾ ਬਣਿਆ। ਬੰਦਾ ਸਿੰਘ ਬਹਾਦਰ ਜਿਸ ਤਰ੍ਹਾਂ ਤੂਫਾਨ ਬਣ ਕੇ ਪੰਜਾਬ ਵਿਚ ਵਿਚਰਿਆ ਸੀ। ਜਿਸ ਤਰ੍ਹਾਂ ਉਸਨੇ ਪੰਜਾਬ ਦੀ ਮੁਗਲ ਹਕੂਮਤ ਨੂੰ ਦੇਖਦਿਆਂ ਦੀ ਦੇਖਦਿਆਂ ਉਲਟਾ ਦਿੱਤਾ ਸੀ ਇਸ ਤਰ੍ਹਾਂ ਦਾ ਕੰਮ ਕੋਈ ਸੂਖਮ ਸੋਚ ਵਾਲਾ ਜੁਝਾਰੂ ਯੋਧਾ ਤੇ ਜੰਗੀ ਜਰਨੈਲ ਹੀ ਕਰ ਸਕਦਾ ਹੈ। ਬਾਬਾ ਬੰਦਾ ਸਿੰਘ ਕਹਿਣੀ ਤੇ ਕਥਨੀ ਦਾ ਪਰਪੱਕ ਅਤੇ ਅਕੀਦੇ ਦਾ ਧਾਰਨੀ ਗੁਰੂ ਦਾ ਸਿੱਖ ਸੀ।

ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਦੱਖਣ ਤੋਂ ਪੰਜਾਬ ਵੱਲ ਨੂੰ ਕੂਚ ਕੀਤਾ ਤਾਂ ਸਿੰਘ ਜੁੜਦੇ ਗਏ ਤੇ ਕਾਫਲਾ ਵੱਡਾ ਹੁੰਦਾ ਗਿਆ।ਸਭ ਤੋਂ ਪਹਿਲਾ ਪਾਣੀਪਤ ਸ਼ਹਿਰ ਉੱਤੇ ਹਮਲਾ ਕੀਤਾ,ਉਸ ਪਿੱਛੋ ਸ਼ਹਿਰ ਸਮਾਣਾ ਮਿੱਟੀ ਵਿਚ ਮਿਲਾ ਦਿਤਾ।ਸਮਾਣੇ ਪਿੱਛੋ ਬੰਦਾ ਸਿੰਘ ਸਰਹਿੰਦ ਵੱਲ ਨਹੀਂ ਗਿਆ ਸਗੋਂ ਕੀਰਤਪੁਰ ਸਾਹਿਬ ਵੱਲ ਗਿਆ ਕਿਉਂਕਿ ਉਸ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਸੀ ਕਿ ਬਹੁਤ ਵੱਡੀ ਗਿਣਤੀ ਵਿਚ ਸਿੰਘ ਸੈਨਾ ਦੇ ਵਿਚ ਰਲਣ ਲਈ ਆ ਰਹੇ ਹਨ ਪਰ ਉਨ੍ਹਾਂ ਨੂੰ ਰਾਹ ਵਿਚ ਹੀ ਰੋਕ ਲਿਆ ਹੈ।ਫਿਰ ਮੁਸਤਫਾਬਾਦ ਉੱਤੇ ਕਬਜ਼ਾ ਲਿਆ ਫਿਰ ਸਿੰਘਾਂ ਨੇ ਰੋਪੜ ਵੱਲ ਨੂੰ ਚਾਲੇ ਪਾ ਦਿੱਤੇ।ਉੱਧਰ ਵਜ਼ੀਰ ਖਾਂ ਲਗਾਤਾਰ ਸਿੰਘਾਂ ਦੀਆਂ ਗਤੀਵਿਧੀਆਂ ਉੱਪਰ ਆਪਣੀ ਨਿਗ੍ਹਾ ਬਣਾਈ ਬੈਠਾ ਸੀ।ਵਜ਼ੀਰ ਖਾਂ ਨੂੰ ਚੱਪੜ ਚਿੜੀ ਦੇ ਸਥਾਨ ਤੇ ਮਾਰ ਦਿੱਤਾ।(ਚੱਪੜਚਿੜੀ ਪਹਿਲਾਂ ਇਹ ਜ਼ਿਲ੍ਹਾ ਅੰਬਾਲਾ ਫਿਰ ਜ਼ਿਲ੍ਹਾ ਰੋਪੜ ਵਿਚ ਅਤੇ ਹੁਣ ਜ਼ਿਲ੍ਹਾ ਮੁਹਾਲੀ ਵਿਚ ਹੈ।) ਫਿਰ ਖਾਲਸਾ ਫੌਜ਼ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਤੇ ਸਾਹਿਬਜ਼ਾਦਿਆਂ ਤੇ ਹੋਏ ਤਸੱਦਦ ਦਾ ਬਦਲਾ ਲਿਆ।ਇਸ ਤੋਂ ਬਾਅਦ ਗੰਗਾ ਯਮਨਾ ਤੋਂ ਲੈ ਕੇ ਰਾਵੀ ਤੱਕ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਰਾਜਸਥਾਨ ਦੀਆਂ ਹੱਦਾਂ ਤੱਕ ਸਿੱਖ ਰਾਜ ਕਾਇਮ ਹੋ ਗਿਆ।ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਦੇ ਕਿਲੇ ਵਿਚ ਰਹਿੰਦਿਆਂ ਕਿਲ੍ਹੇ ਦੀ ਮੁਰੰਮਤ ਵੀ ਕਰਵਾਈ।ਜਦੋਂ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸਪੁਰ ਜ਼ਿਲ੍ਹੇ ਵਿਚ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਸੀ ਤਾਂ 25 ਹਜ਼ਾਰ ਮੁਗਲ ਸੈਨਾ ਨੇ 14 ਅਪ੍ਰੈਲ 1715 ਈ: ਨੂੰ ਗੜ੍ਹੀ ਨੂੰ ਘੇਰਾ ਪਾ ਲਿਆ ਅਤੇ ਤਕਰੀਬਨ ਅੱਠ ਮਹੀਨੇ ਇਹ ਘੇਰਾ ਕਾਇਮ ਰਿਹਾ ਅਤੇ ਕੋਈ ਮੁਗਲ ਗੜੀ ਵਿਚ ਦਖ਼ਲ ਹੋਣ ਦੀ ਹਿੰਮਤ ਨਾ ਕਰ ਸਕਿਆ। ਅੰਤ 7 ਦਸੰਬਰ 1715 ਈ: ਨੂੰ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਭੁੱਖੇ ਤਿਹਾਏ ਲਗਪਗ ਸਾਢੇ ਸੱਤ ਸੌ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ।

ਬੰਦਾ ਸਿੰਘ ਦੀ ਪੈਂਰੀ ਬੇੜੀਆਂ, ਗੋਡਿਆਂ ਨੂੰ ਛੱਲੇ, ਲੱਕ ਦੁਆਲੇ ਸੰਗਲ ਅਤੇ ਗਲ ਵਿਚ ਕੁੰਡਲ ਪਾਏ ਹੋਏ ਸਨ ਅਤੇ ਇਨ੍ਹਾਂ ਨੂੰ ਲੱਕੜੀ ਦੇ ਡੰਡਿਆਂ ਨਾਲ ਗੰਢਿਆਂ ਹੋਇਆ ਸੀ। ਜ਼ੰਜ਼ੀਰਾਂ ਵਿਚ ਜਕੜੇ ਹੋਏ ਜਰਨੈਲ ਨੂੰ ਪਿੰਜਰੇ ਵਿਚ ਬੰਦ ਕਰਕੇ ਹਾਥੀ ਉੱਤੇ ਬੈਠਾਇਆ ਗਿਆ ਉਸ ਨਾਲ ਇਕ ਨੰਗੀ ਤਲਵਾਰ ਸਿਪਾਈ ਨੂੰ ਫੜਾਈ ਗਈ ਕਿ ਕਿਤੇ ਬਾਬਾ ਬੰਦਾ ਸਿੰਘ ਪਿੰਜਰੇ ਨੂੰ ਨਾ ਤੋੜ ਦਵੇ ।ਅਤੇ ਦੋ ਹੋਰ ਮੁਗਲ ਅਫ਼ਸਰ ਉਸ ਦੇ ਨਾਲ ਦੋਹੀਂ ਪਾਸੀ ਉਸੇ ਹਾਥੀ ਉੱਤੇ ਬੱਧੇ ਗੋਏ ਸਨ ਤਾਂ ਕਿ ਉਹ ਨਿਕਲ ਨਾ ਜਾਏ।

29 ਫਰਵਰੀ 1716 ਨੂੰ ਵੱਡੇ ਜਲੂਸ ਦੇ ਰੂਪ ਵਿਚ ਉਨ੍ਹਾਂ ਨੂੰ ਦਿੱਲੀ ਲਾਲ ਕਿਲ੍ਹੇ ਕੋਲ ਦੀ ਲੰਘਾਏ ਗਏ।12 ਮਾਰਚ ਤੱਕ ਸਾਰੇ ਬੰਦੀ ਸਿੰਘ ਮੁਕਾ ਦਿੱਤੇ ਗਏ।ਹਰ ਇਕ ਸਿੰਘ ਨੂੰ ਪੁੱਛਿਆ ਗਿਆ ਸੀ ਕਿ ਇਸਲਾਮ ਕਬੂਲ ਕਰ ਲਉ ਪਰ ਇਕ ਵੀ ਸਿੱਖ ਨੇ ਧਰਮ ਨਹੀਂ ਸੀ ਬਦਲਿਆ।ਬਾਬਾ ਬੰਦਾ ਸਿੰਘ ਬਹਾਦਰ ਨੂੰ ਜੂਨ 1716 ਤੱਕ ਤਸੀਹੇ ਦਿੱਤੇ ਗਏ ਅਤੇ ਪੁੱਛਿਆ ਗਿਆ ਕਿ ਖਜ਼ਾਨਾ ਕਿੱਥੇ ਦੱਬਿਆ ਹੋਇਆ ਹੈ? ਬੰਦਾ ਸਿੰਘ ਜੋ ਵੀ ਧੰਨ ਦੌਲਤ ਹੁੰਦੀ ਉਹ ਸਿੰਘਾਂ ਵਿਚ ਹੀ ਵੰਡ ਦਿੱਤੀ ਜਾਂਦੀ ਸੀ।ਆਖਰ 9 ਜੂਨ 1716 ਈਂ ਨੂੰ ਬਾਬਾ ਬੰਦਾ ਬਹਾਦਰ ਨੂੰ ਸ਼ਹੀਦ ਕਰਨ ਦਾ ਫੈਸਲਾ ਹੋਇਆ ਉਨ੍ਹਾਂ ਨਾਲ 26 ਸਿੱਖ ਹੋਰ ਸਨ ਅਤੇ ਸਾਰਿਆਂ ਨੂੰ ਜਲੂਸ ਦੇ ਵਿਚ ਕੁਤਬ ਮੀਨਾਰ ਕੋਲ ਲਿਜਾਇਆ ਗਿਆ।ਪ੍ਰਧਾਨ ਮੰਤਰੀ ਅਮੀਨ ਖਾਨ ਇਸ ਕਾਫਰ ਦੀ ਮੌਤ ਅੱਖੀ ਵੇਖਣ ਲਈ ਉਸ ਕਤਲਗਾਹ ਵਿਖੇ ਪਹੁੰਚਿਆ ਪਰ ਬੰਦਾ ਸਿੰਘ ਦੇ ਚਿਹਰੇ ਤੇ ਮੁਸਕਾਨ ਤੇ ਨੂਰ ਵੇਖ ਕੇ ਉਹ ਦੰਗ ਰਹਿ ਗਿਆ।

ਬੰਦਾ ਸਿੰਘ ਨੂੰ ਹਾਥੀ ਤੋਂ ਉਤਾਰ ਕੇ ਧਰਤੀ ਤੇ ਬਿਠਾ ਦਿੱਤਾ ਗਿਆ ਤੇ ਉਸ ਨੂੰ ਕਿਹਾ ਕਿ ਜਾਂ ਤਾਂ ਇਸਲਾਮ ਕਬੂਲ ਕਰ ਲੈ ਜਾਂ ਮੌਤ ਲਈ ਤਿਆਰ ਹੋ ਜਾ ਪਰ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੇ ਥੋੜ੍ਹੇ ਜਿਹੇ ਦਿਨਾਂ ਦੀ ਜ਼ਿੰਦਗੀ ਲਈ ਆਪਣਾ ਧਰਮ ਤਿਆਗਣ ਦੀ ਥਾਂ ਇਕ ਸਿਦਕੀ ਸਿੱਖ ਦੀ ਤਰ੍ਹਾਂ ਆਪਣੀ ਜਾਨ ਕੁਰਬਾਨ ਕਰਨਾ ਪਰਵਾਨ ਕਰ ਲਿਆ। ਬੰਦਾ ਸਿੰਘ ਦਾ ਚਾਰ ਸਾਲਾ ਬੱਚਾ ਅਜੈ ਸਿੰਘ ਉਸ ਦੀ ਗੋਦੀ ਵਿਚ ਬਿਠਾ ਦਿੱਤਾ ਗਿਆ ਅਤੇ ਉਸ ਨੂੰ ਕਿਹਾ ਗਿਆ ਕਿ ਇਸ ਨੂੰ ਕਤਲ ਕਰੇ ਪਰ ਕੋਈ ਪਿਤਾ ਵੀ ਆਪਣੇ ਬੱਚੇ ਨੂੰ ਕਤਲ ਕਰ ਸਕਦਾ ਹੈ? ਉਨ੍ਹਾਂ ਨੇ ਨਾਂਹ ਕਰ ਦਿੱਤੀ। ਬਸ ਫੇਰ ਕੀ ਸੀ, ਜੱਲਾਦ ਨੇ ਇਕ ਵੱਡੇ ਲੰਬੇ ਛੁਰੇ ਨਾਲ ਬੱਚੇ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਉਸ ਦਾ ਤੜਫ਼ਦਾ-ਤੜਫ਼ਦਾ ਦਿਲ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿਚ ਪਾਇਆ ਗਿਆ ਪਰ ਸ਼ਾਬਾਸ਼ ਉਸ ਗੁਰੂ ਦੇ ਸਿੰਘ ਦੇ, ਜੋ ਵਾਹਿਗੁਰੂ ਦੀ ਰਜ਼ਾ ਵਿਚ ਰਾਜ਼ੀ ਪੱਥਰ ਦੀ ਮੂਰਤ ਦੀ ਤਰ੍ਹਾਂ ਅਡੋਲ ਖੜੋਤਾ ਰਿਹਾ।

ਫਿਰ ਇਸ ਤੋਂ ਬਾਅਦ ਬੰਦਾ ਸਿੰਘ ਨੂੰ ਕਤਲ ਕਰਨ ਲਈ ਲੈ ਗਏ ਪਹਿਲਾ ਜੱਲਾਦ ਨੇ ਛੁਰੇ ਨਾਲ ਉਨ੍ਹਾਂ ਦੀ ਸੱਜੀ ਅੱਖ ਕੱਢ ਦਿੱਤੀ ਅਤੇ ਫਿਰ ਖੱਬੀ। ਇਸ ਤੋਂ ਬਾਅਦ ਉਨ੍ਹਾਂ ਦਾ ਖੱਬਾ ਪੈਰ ਵੱਢ ਦਿੱਤਾ ਅਤੇ ਉਸ ਦੇ ਪਿੱਛੋਂ ਦੋਨੋਂ ਹੱਥ ਵੱਢ ਕੇ ਵੱਖ-ਵੱਖ ਕਰ ਦਿੱਤੇ ਗਏ। ਫੇਰ ਭਖਦੇ ਲਾਲ ਗਰਮ ਲੋਹੇ ਦਿਆਂ ਚਿਮਟਿਆਂ ਨਾਲ ਉਸ ਦੇ ਪਿੰਡੇ ਦੇ ਮਾਸ ਦੀਆਂ ਬੋਟੀਆਂ ਖਿੱਚ-ਖਿੱਚ ਕੇ ਤੋੜੀਆਂ ਗਈਆਂ ਅਤੇ ਅੰਤ ਉਸ ਦਾ ਸਿਰ ਵੱਢ ਦਿੱਤਾ ਤੇ ਸਰੀਰ ਦੇ ਬੰਦ-ਬੰਦ ਕੱਟ ਦਿਤਾ ਗਿਆ।ਵਾਹਿਗੁਰੂ ਦੀ ਰਜ਼ਾ ਅੰਦਰ ਉਸ ਮਹਾਨ ਜਰਨੈਲ ਨੇ ਆਪਣੇ ਜੀਵਨ ਦਾ ਆਖਰੀ ਸਾਹ ਲਿਆ।ਬੰਦਾ ਸਿੰਘ ਬਹਾਦਰ ਵਰਗੇ ਲਾਸਾਨੀ ਸ਼ਹੀਦ ਬਹੁਤ ਵਿਰਲੇ ਹੁੰਦੇ ਹਨ ਅਤੇ ਉਹ ਕੌਮਾਂ ਵੀ ਮਹਾਨ ਹਨ ਜਿਨ੍ਹਾਂ ਕੌਮਾਂ ਨੂੰ ਅਜਿਹੇ ਜੁਝਾਰੂ ਸ਼ਹੀਦ ਨਸੀਬ ਹੁੰਦੇ ਹਨ।ਹਾਲਾਂਕਿ ਬਹੁਤ ਘੱਟ ਸਮਾਂ ਬਾਬਾ ਬੰਦਾ ਸਿੰਘ ਨੂੰ ਰਾਜ ਕਰਨ ਦਾ ਮੌਕਾ ਮਿਲਿਆ ਪਰ ਲੰਮਾ ਸਮਾਂ ਰਾਜ ਕਰਨ ਵਾਲਿਆ ਨਾਲੋਂ ਕੀਤੇ ਜਿਆਦਾ ਲੋਕਾਂ ਦੇ ਦਿਲਾਂ ਅੰਦਰ ਬਾਬਾ ਬੰਦਾ ਸਿੰਘ ਨੇ ਆਪਣਾ ਸਦੀਵੀ ਸਥਾਨ ਕਾਇਮ ਕਰ ਲਿਆ ਹੈ।ਬੰਦਾ ਸਿੰਘ ਦੀ ਬਦੌਲਤ ਭਾਰਤ ਅੰਦਰ ਪਹਿਲੀ ਵਾਰ ਕਿਸਾਨਾਂ,ਜਿੰਮੀਦਾਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਗਿਆ।ਕਿਉਂਕਿ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਜਿਹੜਾ ਕਿਸਾਨ ਜਿਹੜੀ ਜ਼ਮੀਨ ਵਾਹ ਰਿਹਾ ਹੈ ਉਹੀ ਕਿਸਾਨ ਉਸਦਾ ਅਸਲੀ ਮਾਲਕ ਹੈ।ਬਾਬਾ ਬੰਦਾ ਸਿੰਘ ਸ਼ਹੀਦ ਤਾਂ ਹੋ ਗਿਆ ਪਰ ਹਕੂਮਤ ਕਿਸਾਨਾਂ ਕੋਲੋ ਉਨ੍ਹਾਂ ਦੇ ਮਾਲਕੀ ਦੇ ਹੱਕ ਖੋਹ ਨਾ ਸਕੀ।ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦਾ ਕੌਮੀ ਹੀਰੋ ਹੈ ਜਿਸ ਦੀ ਸ਼ਹਾਦਤ ਅੱਗੇ ਸਮੁੱਚੀ ਦੁਨੀਆ ਦਾ ਸਤਿਕਾਰ ਵਜੋ ਸਿਰ ਝੁਕਦਾ ਹੈ।