ਗੁਰਬਾਣੀ ਦੀ ਇਹ ਉਪਰੋਕਤ ਪੰਗਤੀ ਉਨ੍ਹਾਂ ਲੋਕਾਂ ‘ਤੇ ਪੂਰੀ ਤਰ੍ਹਾਂ ਢੁਕਦੀ ਹੈ, ਜੋ ਅੱਜ ਬਾਬਾ ਇਕਬਾਲ ਸਿੰਘ ਜੀ ਦੀ ਨਿੰਦਿਆ ਬੜੇ ਅਪਮਾਨ-ਜਨਕ ਸ਼ਬਦ ਵਰਤ ਕੇ ਇਸ ਲਈ ਕਰ ਰਹੇ ਹਨ ਕਿ ਉਨ੍ਹਾਂ ਨੇ ਆਪਣੀਆਂ ਅਕੈਡਮੀਆਂ ਦੀਆਂ ਬੱਸਾਂ ਬਾਦਲ ਸਰਕਾਰ ਦੀ ਰੈਲੀ ਵਿਚ ਕਿਉਂ ਭੇਜੀਆਂ ਹਨ? ਜਦੋਂ ਕਿ ਉਹ ਬੱਸਾਂ ਬਾਬਾ ਜੀ ਵੱਲੋਂ ਜਾਂ ਸੰਸਥਾ ਵੱਲੋਂ […]

ਗੁਰਬਾਣੀ ਦੀ ਇਹ ਉਪਰੋਕਤ ਪੰਗਤੀ ਉਨ੍ਹਾਂ ਲੋਕਾਂ ‘ਤੇ ਪੂਰੀ ਤਰ੍ਹਾਂ ਢੁਕਦੀ ਹੈ, ਜੋ ਅੱਜ ਬਾਬਾ ਇਕਬਾਲ ਸਿੰਘ ਜੀ ਦੀ ਨਿੰਦਿਆ ਬੜੇ ਅਪਮਾਨ-ਜਨਕ ਸ਼ਬਦ ਵਰਤ ਕੇ ਇਸ ਲਈ ਕਰ ਰਹੇ ਹਨ ਕਿ ਉਨ੍ਹਾਂ ਨੇ ਆਪਣੀਆਂ ਅਕੈਡਮੀਆਂ ਦੀਆਂ ਬੱਸਾਂ ਬਾਦਲ ਸਰਕਾਰ ਦੀ ਰੈਲੀ ਵਿਚ ਕਿਉਂ ਭੇਜੀਆਂ ਹਨ? ਜਦੋਂ ਕਿ ਉਹ ਬੱਸਾਂ ਬਾਬਾ ਜੀ ਵੱਲੋਂ ਜਾਂ ਸੰਸਥਾ ਵੱਲੋਂ ਨਹੀਂ ਭੇਜੀਆਂ ਗਈਆਂ । ਅਕਾਲ ਅਕੈਡਮੀਆਂ ਵਿਚ ਠੇਕੇ ‘ਤੇ ਚੱਲ ਰਹੀਆਂ ਬੱਸਾਂ ਤੇ ਉਹ ਠੇਕੇਦਾਰ ਬੱਚੇ ਸਕੂਲ ਵਿਚ ਛੱਡਣ ਤੋਂ ਬਾਅਦ ਪ੍ਰਿੰਸੀਪਲ ਜਾਂ ਮਨੈਜ਼ਮੈਂਟ ਦੀ ਆਗਿਆ ਤੋਂ ਬਿਨਾਂ ਬੱਸਾਂ ਦੀ ਆਪਣੀ ਮਰਜੀ ਮੁਤਾਬਕ ਦੇਖ ਰੇਖ ਕਰਦੇ ਹਨ । ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਠੇਕੇਦਾਰ ਦੀ ਬੱਸਾਂ ਤੇ ਵੀ ਅਕਾਲ ਅਕੈਡਮੀਆਂ ਦਾ ਨਾਮ ਲਿਖਿਆ ਹੁੰਦਾ ਹੈ।

ਕੁਝ ਸੋਚਣ-ਸਮਝਣ ਤੇ ਘੋਖ-ਪੜਤਾਲ ਕਰਨ ਤੋਂ ਬਿਨਾਂ ਹੀ ਭੇਡ-ਚਾਲੇ ਚੱਲਦੇ ਹੋਏ ਲਕੀਰ ਦਾ ਫਕੀਰ ਬਣ ਕੇ ਮੱਖੀ ‘ਤੇ ਮੱਖੀ ਮਾਰੀ ਜਾਣਾ ਵੀ ਬਹੁਤ ਵੱਡੀ ਅਗਿਆਨਤਾ ਅਤੇ ਮੂਰਖਤਾ ਦੀ ਨਿਸ਼ਾਨੀ ਹੈ। ਮੈਂ ਬਾਬਾ ਜੀ ਨੂੰ ਪਿਛਲੇ ੩੦ ਸਾਲਾਂ ਤੋਂ ਨਿੱਜੀ ਤੌਰ ‘ਤੇ ਜਾਣਦਾ ਹਾਂ, ਜੋ ਉਨ੍ਹਾਂ ਨੇ ਆਪਣੀ ਜਿੰਦਗੀ ਵਿਚ ਸਿੱਖ ਕੌਮ ਲਈ ਕੀਤਾ ਹੈ, ਉਹ ਆਪਣੇ-ਆਪ ਦੇ ਵਿਚ ਇੱਕ ਬਹੁਤ ਵੱਡੀ ਮਿਸਾਲ ਤੇ ਸਿੱਖ ਕੌਮ ਨੂੰ ਇੱਕ ਮਹਾਨ ਦੇਣ ਹੈ। ਕਿਸੇ ਕੌਮ ਦੀ ਨਿੱਘਰ ਚੁੱਕੀ ਹਾਲਤ ਨੂੰ ਮੁੜ ਰਾਹ ‘ਤੇ ਲਿਆਉਣ ਲਈ ਦਹਾਕਿਆਂ ਬਾਅਦ ਅਜਿਹੀ ਨੇਕ ਰੂਹ ਪੈਦਾ ਹੁੰਦੀ ਹੈ। ਬਾਬਾ ਜੀ ਨੇ ਘਰ-ਪਰਿਵਾਰ, ਦੌਲਤ-ਜਾਇਦਾਤ ਤੇ ਆਪਣੀ ਉੱਚ-ਪੱਧਰ ਦੀ ਸਰਕਾਰੀ ਨੌਕਰੀ ਆਦਿ ਸਭ ਕੁਝ ਦੇ ਹੁੰਦਿਆਂ ਹੋਇਆਂ ਵੀ ਵਿਆਹ ਤੱਕ ਵੀ ਨਹੀਂ ਕਰਵਾਇਆ ਤੇ ਆਪਣੀ ਸਾਰੀ ਉਮਰ ਪਰਉਪਕਾਰ, ਸੇਵਾ-ਸਿਮਰਨ ਤੇ ਕੌਮ ਦੀ ਚੜਦੀ ਕਲਾ ਲਈ ਬਤੀਤ ਕਰ ਦਿੱਤੀ।

ਅੱਜ ਇਸਾਈ ਪੰਜਾਬ ਵਿਚ ਥਾਂ-ਥਾਂ ‘ਤੇ ਉੱਚ-ਪਾਏ ਦੇ ਸਕੂਲ ਖੋਲ੍ਹ ਕੇ ਸਾਡੇ ਬੱਚਿਆਂ ਨੂੰ ਇੰਸਾਨੀਅਤ ਵੱਲ ਪ੍ਰੇਰਿਤ ਕਰੀ ਜਾ ਰਹੇ ਹਨ ਤੇ ਅਸੀਂ ਉਨ੍ਹਾਂ ਦੀ ਵਧੀਆ ਪੜ੍ਹਾਈ ਤੋਂ ਪ੍ਰੇਰਿਤ ਹੋ ਕੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਸਕੂਲਾਂ ਵਿਚ ਪੜ੍ਹਨ ਲਈ ਬੜੇ ਚਾਂਈ-ਚਾਂਈ ਭੇਜ ਰਹੇ ਹਾਂ। ਪਰ ਸਾਡੀ ਕੌਮ ਦੀ ਕੋਈ ਵੀ ਸੰਸਥਾ ਕੌਮ ਦੇ ਭਵਿੱਖ ਇਨ੍ਹਾਂ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਕੁਰਾਹੇ ਪੈਣ ਤੋਂ ਬਚਾਉਣ ਲਈ ਉਸ ਲੇਵਲ ਦਾ ਅਤੇ ਓਨੀ ਗਿਣਤੀ ਵਿਚ ਸਕੂਲ ਨਹੀਂ ਖੋਲ੍ਹ ਸਕੀ। ਇੱਕੋ-ਇੱਕ ਬਾਬਾ ਇਕਬਾਲ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਇਹ ਉਦਮ ਕੀਤਾ ਹੈ ਕਿ ਉਨ੍ਹਾਂ ਨੇ ਇਸਾਈ ਮਿਸ਼ਨਰੀਆਂ ਨਾਲੋਂ ਵੱਡੀ ਲਕੀਰ ਖਿੱਚਦਿਆਂ ਹੋਇਆਂ ਪੰਜਾਬ ਵਿਚ ਵਧੀਆ ਉੱਚ-ਪਾਏ ਦੇ ਇੰਗਲਿਸ਼ ਮੀਡੀਅਮ ਲਗਭਗ ੧੨੯ ਸਕੂਲ ਖੋਲ੍ਹ ਕੇ ਉਨ੍ਹਾਂ ਨੂੰ ਮਾਤ ਪਾ ਦਿੱਤੀ ਹੈ।

ਦੱਸੋ ਪੰਜਾਬ ਵਿਚ ਕੋਈ ਸਕੂਲ ਐਸਾ ਹੈ ਜਿੱਥੇ ਇਹ ਨਿਯਮ ਹੋਣ ਕਿ ਜੋ ਬੱਚਾ ਸਿੱਖ ਪਰਿਵਾਰ ਨਾਲ ਸਬੰਧਿਤ ਹੈ, ਉਸ ਲਈ ਕੇਸ ਰੱਖਣੇ ਤੇ ਅੰਮ੍ਰਿਤ ਛਕਣਾ ਜ਼ਰੂਰੀ ਹੋਵੇ ਤੇ ਉਨ੍ਹਾਂ ਦੀ ਵਰਦੀ ਵੀ ਗੁਰਮਤਿ ਪਹਿਰਾਵੇ ਨਾਲ ਸਬੰਧਿਤ ਹੋਵੇ ਅਤੇ ਬੱਚੇ ਆਪਣੀ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਂ ਬਾਣੀਆਂ ਦਾ ਨਿਤਨੇਮ ਕਰਦੇ ਹੋਣ। ਦੱਸੋ ਬਾਬਾ ਜੀ ਨੇ ਜੇ ਸਾਡੇ ਵਰਗੇ ਮਾਇਆ ਵਿਚ ਗਲਤਾਨ ਮਾਇਆ-ਧਾਰੀਆਂ ਦੇ ਦਰਾਂ ‘ਤੇ ਜਾ-ਜਾ ਕੇ ਭੀਖ ਮੰਗ ਕੇ ਜੇ ਇਹ ਗੁਰਦੁਆਰੇ ਰੂਪੀ ਸਕੂਲ ਚਾਲੂ ਕੀਤੇ ਹਨ ਤਾਂ ਉਨ੍ਹਾਂ ਨੇ ਕੀ ਮਾੜਾ ਕੀਤਾ ਹੈ ਜਾਂ ਕੌਮ ਦਾ ਕੀ ਨੁਕਸਾਨ ਕਰ ਦਿੱਤਾ ਹੈ? ਅੱਜ ਵੀ ਬਾਬਾ ਜੀ ੯੨ ਸਾਲ ਦੀ ਉਮਰ ਵਿਚ, ਜਿਸ ਉਮਰ ਵਿਚ ਆਮ ਬਜ਼ੁਰਗ ਆਪਣੀ ਸਰੀਰਕ ਕਿਰਿਆ ਕਰਨ ਤੋਂ ਵੀ ਅਸਮਰਥ ਹੁੰਦੇ ਹਨ, ਦਰ-ਦਰ ਦੇ ਮੰਗਤੇ ਬਣ ਕੇ ਇੱਕ ਪਾਸੇ ਤਾਂ ਸਾਡੀ ਕਿਰਤ ਸਫਲੀ ਕਰ ਰਹੇ ਹਨ ਤੇ ਦੂਜੇ ਪਾਸੇ ਕੋਮ ਦੀ ਚੜ੍ਹਦੀਕਲਾ ਲਈ ਕਈ ਤਰ੍ਹਾਂ ਦੇ ਕਾਰਜ਼ ਕਰਨ ਲਈ ਯਤਨਸ਼ੀਲ ਹਨ।

ਮੈਂ ਜਦੋਂ ਫੇਸਬੁੱਕ ‘ਤੇ ਬਾਬਾ ਜੀ ਬਾਰੇ ਆਪੂੰ ਬਣੇ ਵੱਡੇ ਗੁਰਸਿੱਖ ਅਤੇ ਕੌਮ ਦੇ ਚਹੇਤਿਆਂ ਦੇ ਕਮੈਂਟ ਪੜ੍ਹੇ ਤਾਂ ਮਨ ਬੜਾ ਹੀ ਦੁੱਖੀ ਹੋਇਆ ਕਿ ਅੱਜ ਅਸੀਂ ਏਨੀ ਗਿਰਾਵਟ ਵੱਲ ਚਲੇ ਜਾ ਚੁੱਕੇ ਹਾਂ ਕਿ ਸਾਨੂੰ ਇਹ ਵੀ ਸੋਝੀ ਨਹੀਂ ਰਹੀ ਕਿ ਅਸੀਂ ਇੱਕ ੯੨ ਸਾਲਾਂ ਦੇ ਬਜ਼ੁਰਗ ਬਾਬੇ ਜਿਨ੍ਹਾ ਨੇ ਆਪਣਾ ਸਾਰਾ ਪਰਿਵਾਰ ਛਡਕੇ ਕੌਮ ਦੀ ਚੜ੍ਹਦੀ ਕਲਾ ਵਿਚ ਹਿੱਸਾ ਪਾਇਆ । ਉਨ੍ਹਾਂ ਨੂੰ ਸਤਿਕਾਰ ਦੇਣ ਦੀ ਵੱਜੋ ਉਨ੍ਹਾਂ ਵਾਸਤੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਹੇ ਹਾਂ ?

ਕੀ ਅਸੀਂ ਆਪਣੇ ਘਰਾਂ ਵਿਚ ਵੀ ਆਪਣੇ ਬਜ਼ੁਰਗਾਂ ਲਈ ਇਸ ਤਰ੍ਹਾਂ ਦੇ ਸ਼ਬਦ ਵਰਤਦੇ ਹਾਂ? ਕੀ ਅਸੀਂ ਕਿਸੇ ਬਜ਼ੁਰਗ ਬਾਬੇ ਲਈ ਅਜਿਹੇ ਨਿੱਖਿਧ ਸ਼ਬਦ ਵਰਤ ਕੇ ਇਹ ਸਮਝਦੇ ਹਾਂ ਕਿ ਅਸੀਂ ਗੁਰੂ ਸਾਹਿਬ ਜੀ ਦੇ ਸਿੱਖ ਹਾਂ ਤੇ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਰਹੇ ਹਾਂ, ਜਦੋਂ ਕਿ ਗੁਰੂ ਸਾਹਿਬ ਜੀ ਦੇ ਬਚਨ ਹਨ, “ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥”

ਸੋ ਸੋਚਣ ਦੀ ਲੋੜ ਹੈ, ਜੋ ਬਿਨਾਂ ਕੁਝ ਸੋਚੇ-ਸਮਝੇ ਬਾਬਾ ਜੀ ਦੀ ਨਿੰਦਿਆ ਕਰ ਰਹੇ ਹਨ, ਉਨ੍ਹਾਂ ਨੇ ਕੌਮ ਦੇ ਭਲੇ ਤੇ ਚੜਦੀ ਕਲਾ ਲਈ ਕੀ ਰੇਖ ਵਿਚ ਮੇਖ ਮਾਰੀ ਹੈ ਜਾਂ ਕੀ ਤਿਆਗ ਤੇ ਕੁਰਬਾਨੀ ਕੀਤੀ ਹੈ? ਭਗਤ ਕਬੀਰ ਜੀ ਦੇ ਇਹ ਬਚਨ ਅਜਿਹੇ ਅਗਿਆਨੀ ਲੋਕਾਂ ਤੇ ਪੂਰੀ ਤਰ੍ਹਾਂ ਢੁਕਦੇ ਹਨ ਕਿ “ਆਪਿ ਨ ਦੇਹਿ ਚੁਰੂ ਭਰਿ ਪਾਨੀ॥ ਤਿਹ ਨਿੰਦਹਿ ਜਿਹ ਗੰਗਾ ਆਨੀ॥”

ਲੇਖਕ : ਸਿਮਰਨ