ਗੁਰੁਦੁਆਰਾ ਜਨਮ ਅਸਥਾਨ ਸੰਤ ਅਤਰ ਸਿੰਘ ਜੀ ੳੁਹਨਾ ਦੇ ਸੇਵਾਦਾਰ ਸੰਤ ਤੇਜਾ ਸਿੰਘ ਜੀ ਨੇ ਜਗ੍ਹਾ ਖਰੀਦ ਕੇ ਬਣਵਾਇਅ ਸੀ, ਅਜੇ ਤੱਕ ਅੱਧੀ ਉਸਾਰੀ ਹੋਈ ਸੀ ਕਿ ਸੰਤ ਤੇਜਾ ਸਿੰਘ ਜੀ ਚੜ੍ਹਾਈ ਕਰ ਗਏ, ਉਨ੍ਹਾਂ ਤੋਂ ਬਾਅਦ ਸੰਗਤ ਵੱਲੋਂ ਉਨ੍ਹਾਂ ਦੇ ਸੇਵਕ ਬਾਬਾ ਸੰਤੋਖ ਸਿੰਘ ਜੀ ਨੂੰ ਸੇਵਾ ਸੌਂਪੀ ਗਈ, ਜੋ ਕਿ ਉਨ੍ਹਾਂ ਨੇ ਪੂਰੀ ਤਨ-ਦੇਹੀ ਨਾਲ ਨਿਭਾਈ ਅਤੇ ਬਾਬਾ ਸੰਤੋਖ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸੰਗਤ ਨੇ ਇਹ ਸੇਵਾ ਬਾਬਾ ਇਕਬਾਲ ਸਿੰਘ ਜੀ ਨੂੰ ਸੌਂਪ ਦਿੱਤੀ। ਬਾਬਾ ਇਕਬਾਲ ਸਿੰਘ ਜੀ ਨੇ ਰਹਿੰਦੀਆਂ ਚਾਰ ਮੰਜਲਾਂ ਦੀ ਸੇਵਾ ਪੂਰੀ ਕਰਵਾਈ,ਸੰਗਮਰਮਰ ਲਗਵਾਇਆ ਅਤੇ ਫਿਰ ਆਪਣੇ ਸੇਵਕ ਭਾਈ ਦਰਸਨ ਸਿੰਘ ਜੀ ਨੂੰ ਅੱਗੇ ਸੇਵਾ ਕਰਵਾਉਣ ਦਾ ਹੁਕਮ ਦਿੱਤਾ। ਭਾਈ ਦਰਸਨ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਬਾਬਾ ਇਕਬਾਲ ਸਿੰਘ ਜੀ ਨੇ ਆਪਣੇ ਸੇਵਕ ਭਾਈ ਜੈਵਿੰਦਰ ਸਿੰਘ ਨੂੰ ਬੜੂ ਸਾਹਿਬ ਤੋਂ ਇਸ ਸੇਵਾ ਲਈ ਭੇਜਿਆ ਅਤੇ ਇਸ ਸੇਵਾ ਨੂੰ ਨਿਭਾਉਣ ਲਈ ਤਕਰੀਬਨ 2 ਕਰੋੜ ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਖਰਚਾ ਵੀ ਉਨ੍ਹਾਂ ਵੱਲੋਂ ਦਿੱਤਾ ਜਾਂਦਾ ਰਿਹਾ। ਪਰ ਜਦੋਂ ਜੈਵਿੰਦਰ ਸਿੰਘ ਵੱਲੋਂ ਆਗਿਆ ਤੋ ਬਗੈਰ 24 ਲੱਖ ਰੁਪਏ ਨਕਦ ਪ੍ਰਿੰਸੀਪਲ ਤੋਂ ਲੈ ਕੇ ਖਰਚ ਕਰ ਦਿੱਤੇ ਗਏ ਤਾਂ ਇਸ ਨੂੰ ਸੀ.ਬੀ.ਐੱਸ.ਈ ਅਤੇ ਆਡਿਟ ਡਿਪਾਰਟਮੈਟ (ਭਾਰਤ ਸਰਕਾਰ) ਦੇ ਕਾਨੂੰਨ ਅਨੁਸਾਰ ਠੀਕ ਕਰਨ ਲਈ ਜੈਵਿੰਦਰ ਸਿੰਘ ਨੂੰ ਬੜੂ ਸਾਹਿਬ ਵਿਖੇ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਬੜੂ ਸਾਹਿਬ ਆਉਣ ਤੋਂ ਸਾਫ ਮਨ੍ਹਾਂ ਕਰ ਦਿੱਤਾ ਤੇ ਬਾਗੀ ਹੋ ਗਏ ਅਤੇ ਅਕਾਲ ਅਕੈਡਮੀ ਚੀਮਾ ਸਾਹਿਬ ਅਤੇ ਜਨਮ ਅਸਥਾਨ ਗੁਰੁਦੁਆਰਾ ਚੀਮਾ ਸਾਹਿਬ ‘ਤੇ ਕਬਜ਼ਾ ਕਰ ਲਿਆ।

ਕਈ ਸਾਲਾਂ ਤੋਂ ਬਾਬਾ ਜੀ ਮੱਸਿਆ ਵਾਲੇ ਦਿਨ ਗੁਰਦੁਆਰਾ ਜਨਮ ਅਸਥਾਨ ਵਿਖੇ ਨਮਸਤਕ ਹੋਣ ਜਾਂਦੇ ਸਨ ਅਤੇ ਇਸ ਵਾਰ ਵੀ ਜਦੋਂ ਉਹ ਅਕਾਲ ਯੂਨੀਵਰਸਿਟੀ ‘ਗੂਰੂ ਕੀ ਕਾਸੀ’ ਦਮਦਮਾ ਸਾਹਿਬ ਵਿਖੇ ਜਾਂਦੇ ਹੋਏ, ਉਥੇ ਨਤਮਸਤਕ ਹੋਣ ਗਏ ਤਾਂ ਜੈਵਿੰਦਰ ਸਿੰਘ ਅਤੇ ਉਨ੍ਹਾਂ ਦੇ ਸੇਵਾਦਾਰਾਂ ਨੇ ਜਨਮ ਅਸਥਾਨ ਦੇ ਦਰਵਾਜੇ ਬੰਦ ਕਰ ਦਿੱਤੇ ਅਤੇ ਕੁਝ ਸ਼ਰਾਰਤੀ ਅਨਸਰਾਂ ਨੇ ਸ਼ੋਰ ਮਚਾਇਅਾ ਅਤੇ ਨਾਅਰੇ ਵੀ ਲਾਏ। ਬਾਬਾ ਇਕਬਾਲ ਸਿੰਘ ਜੀ ਡੀ.ਐੱਸ.ਪੀ ਅਤੇ ਐੱਸ.ਐੱਚ.ਓ. ਦੇ ਮਨ੍ਹਾਂ ਕਰਨ ‘ਤੇ ਜਨਮ ਅਸਥਾਨ ਦੇ ਦਰਵਾਜੇ ਦੀ ਦਹਿਲੀਜ਼ ‘ਤੇ ਬਾਹਰੋਂ ਸੜਕ ਤੋਂ ਹੀ ਮੱਥਾ ਟੇਕ ਕੇ ਵਾਪਸ ਆ ਗਏ। ਇਸ ਤੋਂ ਬਾਆਦ ਬਾਬਾ ਇਕਬਾਲ ਸਿੰਘ ਜੀ ਨੂੰ ਅੈੱਸ .ਜੀ.ਪੀ.ਸੀ. ਦੇ ਮੈਨੇਜਰ ਅਤੇ ਗੁਰਦੁਆਰਾ ਕਮੇਟੀ ਬੜੇ ਸਤਿਕਾਰ ਨਾਲ ਗੁਰੁਦੁਆਰਾ ਨਾਨਕਸਰ ਸਾਹਿਬ ਵਿਖੇ ਲੈ ਕੇ ਗਏ, ਜਿਥੇ ਉਹ ਗੁਰੂ ਗਰੰਥ ਸਾਹਿਬ ਜੀ ਅੱਗੇ ਨਮਸਤਕ ਹੋਏ ਅਤੇ ਸੰਗਤਾਂ ਨਾਲ ਬਚਨ-ਬਿਲਾਸ ਵੀ ਕੀਤੇ। ਇਸ ਉਪਰੰਤ ੳੁਨ੍ਹਾਂ ਨੂੰ ਐੱਸ.ਜੀ.ਪੀ.ਸੀ ਦੇ ਮੈਨੇਜਰ ਵੱਲੋਂ ਸਿਰਪਾਉ ਵੀ ਭੇਟ ਕੀਤਾ ਗਿਆ ਅਤੇ ਬੜੇ ਸਤਿਕਾਰ ਨਾਲ ਵਿਦਾ ਕੀਤਾ ਗਿਆ।

ਜਦੋਂ ਬਾਬਾ ਜੀ ਨੂੰ ਗੁਰਦੁਆਰਾ ਜਨਮ ਅਸਥਾਨ ਸਾਹਿਬ ਵਿਖੇ ਮੱਥਾ ਟੇਕਣ ਤੋਂ ਰੋਕਿਆ ਗਿਆ ਤਾਂ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਨਾਲ ਵਾਪਰੀ ਉਹ ਘਟਨਾ ਯਾਦ ਆ ਗਈ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਗਏ ਸਨ ਤਾਂ ਉਸ ਸਮੇਂ ਉਥੇ ਕਾਬਜ਼ ਮਹੰਤਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ ਗਏ ਸਨ ਤੇ ਗੁਰੂ ਜੀ ਨੂੰ ਦਰਸ਼ਨ ਨਹੀਂ ਸਨ ਕਰਨ ਦਿੱਤੇ ਗਏ। ਗੁਰੂ ਤੇਗ ਬਹਾਦਰ ਜੀ ਕੁਝ ਸਮਾਂ ਇੱਕ ਥੜੇ ਦੇ ਉੱਪਰ ਬੈਠ ਕੇ ਤੇ ਦੂਰੋਂ ਹੀ ਨਮਸ਼ਕਾਰ ਕਰਕੇ ਵਾਪਸ ਚਲੇ ਗਏ ਸਨ। ਜਿਸ ਥੜੇ ਉਪਰ ਗੁਰੂ ਸਾਹਿਬ ਜੀ ਬਿਰਾਜ਼ੇ ਸਨ, ਉਹ ਥੜਾ ਸਾਹਿਬ ਅੱਜ ਵੀ ਆਕਲ ਤਖਤ ਸਾਹਿਬ ਦੇ ਨਾਲ ਸੱਜੇ ਹੱਥ ਮੌਜ਼ੂਦ ਹੈ ਤੇ ਗੁਰਦੁਆਰਾ ਥੜਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਸੋ ਇਹ ਸਚਾਈ ਹੈ ਕਿ ਇਤਿਹਾਸ ਹਮੇਸ਼ਾਂ ਆਪਣੇ-ਆਪ ਨੂੰ ਦੁਹਰਾਉਂਦਾ ਹੈ। ਅੱਜ ਚੀਮਾ ਸਾਹਿਬ ਵਿਖੇ ਕਾਬਜ਼ ਮਹੰਤਾਂ ਨੇ ਬਾਬਾ ਇਕਬਾਲ ਸਿੰਘ ਜੀ ਨੂੰ ਗੁਰਦੁਆਰਾ ਜਨਮ ਅਸਥਾਨ ਸਾਹਿਬ ਵਿਖੇ ਜਾ ਕੇ ਨਤਮਸਤਕ ਹੋਣ ਤੋਂ ਰੋਕ ਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ।

ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਕੇ ਇਸ ਗੱਲ ਦਾ ਸੰਕੇਤ ਦਿੱਤਾ ਸੀ ਕਿ ਇਹ ਗੁਰੂ ਘਰ ਸਭ ਲਈ ਭਾਵ ਚਾਰੇ ਦਿਸ਼ਾਵਾਂ ਦੇ ਲੋਕਾਂ ਲਈ, ਚਾਰੇ ਵਰਨਾਂ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਲਈ ਅਤੇ ਸਾਰੇ ਧਰਮਾਂ ਦੇ ਲੋਕਾਂ ਲਈ ਖੁੱਲ੍ਹਾ ਹੈ। ਪਰ ਇਹ ਮਹੰਤ ਅੱਜ ਗੁਰੂ ਅਰਜਨ ਦੇਵ ਜੀ ਦੇ ਇਸ ਮਹਾਨ ਫਲਾਸਫੇ ਅਤੇ ਉਪਦੇਸ਼ ਨੂੰ ਮੰਨਣ ਤੋਂ ਵੀ ਇੰਨਕਾਰੀ ਹੋ ਗਏ ਹਨ ਤੇ ਇੱਕ 92 ਸਾਲ ਦੇ ਬਜ਼ੁਰਗ ਬਾਬੇ ਨੂੰ ਗੁਰੂ ਘਰ ਵਿਚ ਜਾ ਕੇ ਨਤਮਸਤਕ ਹੋਣ ਤੋਂ ਰੋਕ ਰਹੇ ਹਨ। ਇਹ ਮਹੰਤਾਂ ਵੱਲੋਂ ਗੁਰੂ ਤੇਗ ਬਹਾਦਰ ਜੀ ਜਾਂ ਉਸ ਤੋਂ ਬਾਅਦ ਜਦੋਂ ਅੰਗਰੇਜ਼ਾਂ ਦੇ ਸਮੇਂ ਮਹੰਤਾਂ ਵੱਲੋਂ ਸਿੱਖਾਂ ਨੂੰ ਗੁਰੂ ਘਰ ਵਿਖੇ ਜਾਣ ਤੋਂ ਰੋਕਿਆ ਜਾਂਦਾ ਸੀ, ਉਸ ਤੋਂ ਬਾਅਦ ਸ਼ਾਇਦ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਇੱਕ 92 ਸਾਲ ਦੇ ਉਸ ਬਜ਼ੁਰਗ ਬਾਬਾ ਇਕਬਾਲ ਸਿੰਘ ਨੂੰ ਗੁਰੂ-ਘਰ ਵਿਖੇ ਜਾਣ ਤੋਂ ਰੋਕਿਆ ਗਿਆ ਹੋਵੇ, ਜਿਸ ਨੇ ਆਪਣਾ ਸਾਰਾ ਜੀਵਨ ਸਿੱਖ ਕੌਮ ਦੇ ਪ੍ਰਚਾਰ-ਪ੍ਰਸਾਰ ਤੇ ਚੜ੍ਹਦੀਕਲਾ ਲਈ ਗੁਜ਼ਾਰ ਦਿੱਤਾ ਹੋਵੇ।

ਗੁਰਦੁਆਰਾ ਜਨਮ ਅਸਥਾਨ ‘ਤੇ ਕਾਬਜ ਮਹੰਤ ਜੈਵਿੰਦਰ ਸਿੰਘ ਵੱਲੋਂ ਆਪਣੇ 30 ਸਾਲਾਂ ਦੇ ਜੀਵਨ ਵਿੱਚ ਗੁਰਬਾਣੀ ਪੜ੍ਹਨ ਦੇ ਬਾਵਜੂਦ ਵੀ ਆਪਣੇ ਜੀਵਨ ਨੂੰ ਗੁਰਮਤਿ ਵਿੱਚ ਨਹੀ ਢਾਲਿਆ ਗਿਆ, ਜਿਸ ਕਰਕੇ ਉਸ ਨੇ ਇਹ ਬੱਜ਼ਰ ਅਵੱਗਿਆ ਕੀਤੀ ਹੈ ਕਿ ਇੱਕ ਸਿੱਖ ਨੂੰ ਗੁਰੂ ਘਰ ਜਾ ਕੇ ਮੱਥਾ ਨਹੀ ਟੇਕਣ ਦਿੱਤਾ। ਇਹੋ ਜਿਹੀ ਕਰਤੂਤ ਕੋਈ ਆਮ ਇਨਸਾਨ ਕਰੇ ਤਾਂ ਕੋਈ ਜ਼ਿਆਦਾ ਹੈਰਾਨੀ ਤੇ ਦੁੱਖ ਨਹੀਂ ਹੁੰਦਾ, ਪਰ ਜਦੋਂ ਕੋਈ ਬੰਦਾ 30 ਸਾਲ ਬਾਣੀ ਅਤੇ ਬਾਣੇ ਨਾਲ ਜੁੜ ਕੇ ਅਜਿਹੀ ਹਰਕਤ ਕਰਦਾ ਹੈ ਤਾਂ ਮਨ ਬੜਾ ਦੁਖੀ ਤੇ ਬੇਚੈਨ ਹੁੰਦਾ ਹੈ। ਗੁਰੂ ਘਰਾਂ ਵਿੱਚ ਅਕਸਰ ਧੜੇਬੰਦੀਆਂ ਹੁੰਦੀਆਂ ਹਨ, ਪਰ ਇਸ ਤਰ੍ਹਾਂ ਕਿਸੇ ਨੂੰ ਮੱਥਾ ਟੇਕਣ ਤੋਂ ਰੋਕਣ ਵਾਲੀ ਇਸ ਹਰਕਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਸਿੱਖ ਪੰਥ ਦੇ ਪ੍ਰਮੁੱਖ ਅਦਾਰਿਆਂ ਅਤੇ ਸ਼ਖਸ਼ੀਅਤਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਇਸ ਘਟਨਾ ਬਾਰੇ ਸਿੱਖ ਪ੍ਰੰਪਰਾ ਅਤੇ ਮਰਿਯਾਦਾ ਅਨੁਸਾਰ ਕੀ ਫੈਸਲਾ ਕੀਤਾ ਜਾਣਾ ਚਾਹੀਦਾ ਹੈ?

ਜਿਨ੍ਹਾਂ ਨੇ ਵੀ ਭੋਲੀ-ਭਾਲੀ ਸੰਗਤ ਨੂੰ ਵੀ ਵਰਗਲਾਅ ਕੇ ਇਹ ਬੱਜ਼ਰ ਗੁਨਾਹ ਕਰਨ ਵਿਚ ਪਹਿਲ ਕੀਤੀ ਹੈ, ਉਹ ਭਾਂਵੇਂ ਇਸ ਗੱਲ ਦੀ ਖੁਸ਼ੀ ਮਨਾਂ ਰਹੇ ਹੋਣ ਕਿ ਅੱਜ ਉਨ੍ਹਾਂ ਨੇ ਬਹੁਤ ਵੱਡੀ ਮੱਲ ਮਾਰੀ ਹੈ, ਪਰ ਅਸਲ ਵਿਚ ਉਨ੍ਹਾਂ ਨੇ ਅੱਜ ਇਹ ਬਹੁਤ ਵੱਡਾ ਗੁਨਾਹ ਕੀਤਾ ਹੈ, ਜਿਸ ਲਈ ਉਹ ਰੱਬੀ ਦਰਗਾਹ ਵਿਚ ਦੇਣਦਾਰ ਹੋਣਗੇ, ਜਿਸ ਨੂੰ ਗੁਰੂ ਨਾਨਕ ਦੇਵ ਜੀ ਵੀ ਨਹੀ ਬਖਸਣਗੇ।