ਇਕ ਕੁੜੀ ਸੀ ਜਿਸ ਦਾ ਗੁਰੂ ਨਾਨਕ ਦੇਵ ਜੀ ਵਿੱਚ ਬਹੁਤ ਵਿਸ਼ਵਾਸ ਸੀ। ਉਹ ਸਵੇਰੇ 3 ਵਜੇ ਉਠ ਜਾਂਦੀ ਤੇ ਪਾਠ ਕਰਦੀ। ਰੋਜ਼ ਗੁਰੂਦੁਆਰੇ ਜਾਂਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੀ, ਸਹਿਜ ਪਾਠ ਕਰਦੀ। ਉਹਨੂੰ ਬਹੁਤ ਸਾਰੀ ਬਾਣੀ ਜ਼ਬਾਨੀ ਯਾਦ ਸੀ। ਉਹ ਜਦ ਘਰ ਦਾ ਕੰਮ ਵੀ ਕਰਦੀ ਤਾਂ ਗੁਰਬਾਣੀ ਦੀ ਕੋਈ ਨਾ ਕੋਈ […]
ਇਕ ਕੁੜੀ ਸੀ ਜਿਸ ਦਾ ਗੁਰੂ ਨਾਨਕ ਦੇਵ ਜੀ ਵਿੱਚ ਬਹੁਤ ਵਿਸ਼ਵਾਸ ਸੀ। ਉਹ ਸਵੇਰੇ 3 ਵਜੇ ਉਠ ਜਾਂਦੀ ਤੇ ਪਾਠ ਕਰਦੀ। ਰੋਜ਼ ਗੁਰੂਦੁਆਰੇ ਜਾਂਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੀ, ਸਹਿਜ ਪਾਠ ਕਰਦੀ। ਉਹਨੂੰ ਬਹੁਤ ਸਾਰੀ ਬਾਣੀ ਜ਼ਬਾਨੀ ਯਾਦ ਸੀ। ਉਹ ਜਦ ਘਰ ਦਾ ਕੰਮ ਵੀ ਕਰਦੀ ਤਾਂ ਗੁਰਬਾਣੀ ਦੀ ਕੋਈ ਨਾ ਕੋਈ ਤੁਕ ਹਮੇਸ਼ਾ ਉਹਦੇ ਮੂੰਹ ਤੇ ਹੁੰਦੀ। ਉਹ ਸਿਰ ਤੇ ਹਮੇਸ਼ਾ ਚੁੰਨੀ ਲੈ ਕੇ ਰੱਖਦੀ ਸੀ। ਫਿਰ ਉਹਦਾ ਵਿਆਹ ਹੋ ਗਿਆ। ਸਹੁਰੇ ਘਰ ਜਾ ਕੇ ਵੀ ਉਹਨੇ ਆਪਣਾ ਨਿਤਨੇਮ ਨਾ ਛੱਡਿਆ। ਰੋਜ ਗੁਰਦੁਆਰੇ ਜਾਣਾ, ਸੇਵਾ ਕਰਨੀ, ਪਰਕਾਸ਼ ਕਰਨਾ। ਉਹਦੇ ਸਹੁਰੇ ਪਰਿਵਾਰ ਵਾਲੇ ਕਿਸੇ ਹੋਰ ਬਾਬੇ ਨੂੰ ਮੰਨਦੇ ਸੀ ਉਹਨਾ ਨੂੰ ਨੂੰਹ ਦਾ ਇਸ ਤਰ੍ਹਾ ਗੁਰੂ ਘਰ ਜਾਣਾ ਬਿਲਕੁਲ ਪਸੰਦ ਨਹੀਂ ਸੀ। ਉਹ ਨੂੰਹ ਨੂੰ ਵੀ ਉਸ ਦੁਨਿਆਵੀ ਬਾਬੇ ਨੂੰ ਮੰਨਣ ਲਈ ਕਹਿੰਦੇ ਪਰ ਨੂੰਹ ਨੇ ਸਾਫ ਮਨ੍ਹਾ ਕਰ ਦਿੱਤਾ ਤੇ ਕਿਹਾ ਮੇਰਾ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਹਨ ਮੈਨੂੰ ਕਿਸੇ ਹੋਰ ਅੱਗੇ ਮੱਥਾ ਟੇਕਣ ਦੀ ਜ਼ਰੂਰਤ ਨਹੀਂ। ਜਿਹੜੇ ਉਹਦੇ ਸਹੁਰੇ ਸੀ ਉਹ ਬਹਾਨਾ ਲੱਭਦੇ ਸੀ ਇਹਨੂੰ ਕਿਸੇ ਤਰ੍ਹਾਂ ਨੀਵਾਂ ਦਿਖਾਈਏ। ਉਹਦੇ ਸਹੁਰੇ ਨੇ ਕਿਹਾ ਕਿ ਜੇ ਤੇਰੇ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਹਨ ਤਾਂ ਇਸ ਮਹੀਨੇ ਦੀ 31 ਤਰੀਕ ਤਕ ਆਪ ਚੱਲ ਕੇ ਸਾਡੇ ਘਰ ਆਉਣ।
ਜੇ ਉਹ ਆ ਗਏ ਤਾਂ ਅਸੀਂ ਤੈਨੂੰ ਗੁਰੂ ਘਰ ਜਾਣ ਤੋਂ ਕਦੀ ਵੀ ਨਹੀਂ ਰੋਕਾਂਗੇ ਤੇ ਜੇ ਉਹ ਨਾ ਆਏ ਤਾਂ ਤੂੰ ਕਦੀ ਗੁਰੂ ਘਰ ਨਾ ਜਾਈਂ।
ਉਸ ਕੁੜੀ ਦਾ ਬਹੁਤ ਵਿਸ਼ਵਾਸ ਸੀ। ਉਹਨੇ ਕਿਹਾ ਮੈਨੂੰ ਮਨਜ਼ੂਰ ਹੈ।
ਉਹਨੇ ਰੋਜ਼ ਸਵੇਰੇ ਗੁਰੂਦੁਆਰੇ ਜਾਇਆ ਕਰਨਾ।
ਅਰਦਾਸ ਕਰਿਆ ਕਰਨੀ ਕਦੀ ਕਦੀ ਰੋ ਵੀ ਪੈਣਾ ਬਸ ਇਕੋ ਗਲ ਕਿ ਗੁਰੂ ਜੀ ਮੈਨੂੰ ਤੁਹਾਡੇ ਤੇ ਪੂਰਨ ਵਿਸ਼ਵਾਸ ਹੈ ਮੇਰੀ ਇਜ਼ਤ ਰੱਖਿਓ। ਦਿਨ ਲੰਘਦੇ ਗਏ। ਅਖੀਰ 30 ਤਰੀਕ ਆ ਗਈ।
ਉਸ ਰਾਤ ਕੁੜੀ ਬਹੁਤ ਰੋਈ ਕਿ ਜੇ ਸਵੇਰੇ ਵੀ ਗੁਰੂ ਜੀ ਘਰ ਨਾ ਆਏ ਤਾਂ ਮੇਰਾ ਵਿਸ਼ਵਾਸ ਟੁੱਟ ਜਾਣਾ ਹੈ। ਉਸ ਰਾਤ 3 ਵਜੇ ਤੋਂ ਬਾਅਦ ਬਹੁਤ ਬਾਰਿਸ਼ ਪਈ।
ਉਸ ਦਿਨ ਕੁੜੀ ਗੁਰਦੁਆਰੇ ਨਾ ਗਈ।
ਜਦ ਸਵੇਰ ਹੋਈ ਤਾਂ ਪਿੰਡ ਦੇ ਗ੍ਰੰਥੀ ਨੇ ਦੇਖਿਆ ਕਿ ਗੁਰਦੁਆਰੇ ਦੀ ਕੱਚੀ ਛੱਤ ਚੋ ਰਹੀ ਸੀ। ਉਹਨੇ ਸੋਚਿਆ ਇਹ ਤਾਂ ਬਹੁਤ ਗਲਤ ਹੋਇਆ। ਉਹਨੇ ਪਿੰਡ ਦੇ ਕੁਝ ਸਿਆਣੇ ਬੰਦੇ ਇਕੱਠੇ ਕੀਤੇ। ਉਹਨਾ ਨੇ ਸਲਾਹ ਬਣਾਈ ਕਿ ਜਦ ਤਕ ਮੀਂਹ ਹਟ ਨਹੀਂ ਜਾਂਦਾ ਤੇ ਛੱਤ ਠੀਕ ਨਹੀਂ ਹੋ ਜਾਂਦੀ ਤਦ ਤਕ ਗੁਰੂ ਜੀ ਦਾ ਸਰੂਪ ਕਿਸੇ ਦੇ ਘਰ ਪ੍ਰਕਾਸ਼ ਕਰ ਦੇਣਾ ਚਾਹੀਦਾ ਹੈ ਤਾਂ ਜੋ ਬੇਅਦਬੀ ਨਾ ਹੋਵੇ। ਤਦ ਸਲਾਹ ਹੋਣ ਲੱਗੀ ਕਿ ਕਿਸ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾਇਆ ਜਾਵੇ। ਤਦ ਗ੍ਰੰਥੀ ਸਿੰਘ ਨੇ ਕਿਹਾ ਕਿ ਹਰ ਰੋਜ ਇੱਥੇ ਇਕ ਲੜਕੀ ਆਉਂਦੀ ਹੈ ਜੋ ਕਦੇ ਕਦੇ ਪ੍ਰਕਾਸ਼ ਵੀ ਆਪ ਹੀ ਕਰਦੀ ਹੈ। ਹੋਰ ਵੀ ਬਹੁਤ ਸੇਵਾ ਕਰਦੀ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਹਦੇ ਘਰ ਲੈ ਜਾਈਏ। ਸਾਰੇ ਹੀ ਇਸ ਗੱਲ ਨਾਲ ਸਹਿਮਤ ਹੋ ਗਏ। ਇਕ ਬਜੁਰਗ ਕਹਿਣ ਲੱਗਾ ਕਿ ਪਹਿਲਾਂ ਇਕ ਬੰਦਾ ਉਹਨਾ ਦੇ ਘਰ ਭੇਜ ਕੇ ਇਜਾਜ਼ਤ ਤਾਂ ਲੈ ਲਵੋ। ਤਾਂ ਗ੍ਰੰਥੀ ਸਿੰਘ ਨੇ ਕਿਹਾ ਕਿ ਇਜਾਜ਼ਤ ਕੀ ਲੈਣੀ ਹੈ ਉਹ ਮਨਾ ਥੋੜ੍ਹਾ ਕਰਨਗੇ। ਤਦ ਉਹ ਗ੍ਰੰਥੀ ਸਿੰਘ ਤੇ ਨਾਲ 5-7 ਹੋਰ ਬੰਦੇ ਮਹਾਰਾਜ ਦਾ ਸਰੂਪ ਸਿਰ ਤੇ ਰੱਖ ਕੇ ਉਹਨਾਂ ਦੇ ਘਰ ਵੱਲ ਚਲ ਪਏ। ਉਹਦੇ ਸਹੁਰੇ ਘਰ ਇਹੀ ਗੱਲ ਹੋ ਰਹੀ ਸੀ ਕਿ ਅੱਜ 31 ਤਰੀਕ ਹੈ ਜੇ ਗੁਰੂ ਜੀ ਨਾ ਆਏ ਤਾਂ ਗੁਰੂਦੁਆਰੇ ਨਹੀਂ ਜਾਣਾ। ਏਨੇ ਚਿਰ ਨੂੰ ਦਰਵਾਜ਼ੇ ਤੇ ਦਸਤਕ ਹੋਈ। ਜਦ ਸਹੁਰੇ ਨੇ ਬੂਹਾ ਖੋਲਿਆ ਤਾਂ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ। ਉਹ ਤਾਂ ਹੈਰਾਨ ਰਹਿ ਗਿਆ। ਗ੍ਰੰਥੀ ਸਿੰਘ ਨੇ ਕਿਹਾ ਕਿ ਕੋਈ ਵੀ ਇਕ ਕਮਰਾ ਵਿਹਲਾ ਕਰਕੇ ਚੰਗੀ ਤਰ੍ਹਾਂ ਸਫਾਈ ਕਰ ਦਿਓ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੈ।
ਉਸ ਕੁੜੀ ਨੇ ਬੜੇ ਚਾਅ ਨਾਲ ਕਮਰਾ ਸਾਫ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਸਾਰੇ ਪਰਿਵਾਰ ਨੇ ਹੱਥ ਜੋੜ ਕੇ ਮਾਫੀ ਮੰਗੀ। ਕੁੜੀ ਦਾ ਵਿਸ਼ਵਾਸ ਰੰਗ ਲਿਆਇਆ।
ਗੱਲ ਸਾਰੀ ਵਿਸ਼ਵਾਸ ਦੀ ਹੈ।
ਧੰਨੇ ਜੱਟ ਨੇ ਵਿਸ਼ਵਾਸ ਨਾਲ ਹੀ ਪੱਥਰ ਵਿਚੋਂ ਰੱਬ ਪਾ ਲਿਆ ਸੀ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਅੱਜ ਵੀ ਸਮਰੱਥ ਹਨ। ਕਮੀ ਗੁਰੂ ਵਿਚ ਨਹੀਂ ਸਾਡੇ ਵਿੱਚ ਹੈ। ਸਾਨੂੰ ਗੁਰੂ ਜੀ ਤੇ ਵਿਸ਼ਵਾਸ ਹੀ ਨਹੀਂ। ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਆਪਣੀ ਮੱਤ ਨੂੰ ਅੱਗੇ ਰੱਖਦੇ ਹਾਂ ਗੁਰੂ ਜੀ ਦੀ ਮੱਤ ਨਹੀ ਲੈਂਦੇ। ਤਾਂ ਹੀ ਅਸੀਂ ਬਾਅਦ ਵਿਚ ਦੁਖੀ ਹੁੰਦੇ ਹਾਂ।
ਭਗਤੀ ਸਾਰੀ ਵਿਸ਼ਵਾਸ ਤੇ ਖੜ੍ਹੀ ਹੈ। ਇਸ ਲਈ ਗੁਰੂ ਜੀ ਤੇ ਵਿਸ਼ਵਾਸ ਬਣਾਓ। ਕੁਝ ਵੀ ਅਸੰਭਵ ਨਹੀ। ਬਸ ਕਦੇ ਵੀ ਸ਼ੱਕ ਨਾ ਕਰਨਾ ਕਿ ਮੇਰਾ ਗੁਰੂ ਇਹ ਨਹੀ ਕਰ ਸਕਦਾ।
ਨੀਤ ਸਾਫ ਰੱਖਣਾ ਤੇ ਵਿਸ਼ਵਾਸ ਰੱਖਣਾ ਕਿ ਹਾਂ ਇਸ ਤਰ੍ਹਾ ਹੋ ਸਕਦਾ ਹੈ। ਵਿਸ਼ਵਾਸ ਆਪਣੇ ਮਤਲਬ ਲਈ ਨਹੀ ਰੱਖਣਾ। ਦਿਲ ਨਾਲ ਪ੍ਰੇਮ ਕਰਨਾ ਹੈ।
ਆਪਣੇ ਗੁਰੂ ਜੀ ਪ੍ਰਤੀ ਵਿਸ਼ਵਾਸ ਪੈਦਾ ਕਰਨ ਲਈ ਇਸਨੂੰ ਸ਼ੇਅਰ ਕਰੋ।