ਸੰਗਰੂਰ,31 ਜਨਵਰੀ (ਦਮਨਜੀਤ ਸਿੰਘ) ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਮੱਖ ਪ੍ਰਬੰਧਕ ਬਾਬਾ ਇਕਬਾਲ ਸਿੰਘ ਨੇ ਕਿਹਾ ਹੈ ਕਿ ਜੈਵਿੰਦਰ ਸਿੰਘ ਵੱਲੋਂ ਅਤੇ ਕੁੱਝ ਕੁ ਸਾਥੀਆਂ ਵੱਲੋਂ ਜੋ ਟਰੱਸਟ ਉੱਤੇ ਜੋ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ| ਅੱਜ ਇੱਥੇ ‘ਅਜੀਤ’ ਉਪ ਦਫਤਰ ਵਿਖੇ ਗੱਲਬਾਤ ਕਰਦਿਆਂ ਬਾਬਾ ਇਕਬਾਲ ਸਿੰਘ ਨੇ ਕਿਹਾ ਕਿ ਜੇਕਰ ਜੈਵਿੰਦਰ ਸਿੰਘ […]
ਸੰਗਰੂਰ,31 ਜਨਵਰੀ (ਦਮਨਜੀਤ ਸਿੰਘ)
ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਮੱਖ ਪ੍ਰਬੰਧਕ ਬਾਬਾ ਇਕਬਾਲ ਸਿੰਘ ਨੇ ਕਿਹਾ ਹੈ ਕਿ ਜੈਵਿੰਦਰ ਸਿੰਘ ਵੱਲੋਂ ਅਤੇ ਕੁੱਝ ਕੁ ਸਾਥੀਆਂ ਵੱਲੋਂ ਜੋ ਟਰੱਸਟ ਉੱਤੇ ਜੋ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ|
ਅੱਜ ਇੱਥੇ ‘ਅਜੀਤ’ ਉਪ ਦਫਤਰ ਵਿਖੇ ਗੱਲਬਾਤ ਕਰਦਿਆਂ ਬਾਬਾ ਇਕਬਾਲ ਸਿੰਘ ਨੇ ਕਿਹਾ ਕਿ ਜੇਕਰ ਜੈਵਿੰਦਰ ਸਿੰਘ ਆਪਣੇ ਵੱਲੋਂ ਕੀਤੀ ਗ਼ਲਤੀ ਦਾ ਪਛਤਾਵਾ ਕਰ ਕੇ ਟਰੱਸਟ ਪਾਸ ਪਹੁੰਚ ਕਰਦੇ ਹਨ ਤਾਂ ਇਸ ਸਾਰੇ ਮਾਮਲੇ ਦਾ ਕੋਈ ਸੁਖਾਵਾਂ ਹੱਲ ਕੱਢਿਆ ਜਾ ਸਕਦਾ ਹੈ| ਉਨ੍ਹਾਂ ਦੱਸਿਆ ਕਿ ਜੈਵਿੰਦਰ ਸਿੰਘ ਅਤੇ ਸਾਥੀਆਂ ਵੱਲੋਂ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ਜਿਸ ਸੰਬੰਧੀ ਟਰੱਸਟ ਵੱਲੋਂ ਅਦਾਲਤੀ ਮਾਨਹਾਨੀ ਦਾ ਦਾਅਵਾ ਕੀਤਾ ਗਿਆ ਹੈ ਜਿਸ ਪਿੱਛੋਂ ਮਾਨਯੋਗ ਹਾਈਕੋਰਟ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ 7 ਦਿਨ ਦੇ ਅੰਦਰ ਅੰਦਰ ਜਵਾਬ ਦੇਣ ਲਈ ਆਦੇਸ਼ ਦਿੱਤੇ ਹਨ|
ਅਕਾਲ ਅਕੈਡਮੀ ਚੀਮਾ ਅਤੇ ਗੁਰਦੁਆਰਾ ਜਨਮ ਅਸਥਾਨ ਦੀ ਆਮਦਨ ਬੜੂ ਸਾਹਿਬ ਜਾਣ ਬਾਰੇ ਪੁੱਛੇ ਸਵਾਲ ਬਾਰੇ ਉਨ੍ਹਾਂ ਸਪਸ਼ਟ ਕੀਤਾ ਕਿ ਇਹ ਪੈਸੇ ਕਲਗ਼ੀਧਰ ਟਰੱਸਟ ਅਤੇ ਕਲਗ਼ੀਧਰ ਸੁਸਾਇਟੀ ਦੇ ਬੈਂਕ ਖਾਤਿਆਂ ਵਿਚ ਜਮ੍ਹਾ ਹੋਣ ਉਪਰੰਤ ਹੀ ਖ਼ਰਚ ਕੀਤਾ ਜਾਂਦਾ ਹੈ| ਜਿਸ ਵਿਚ ਲੋੜ ਮੁਤਾਬਿਕ ਸਮੇਂ ਸਮੇਂ ‘ਤੇ ਗੁਰਦੁਆਰਾ ਜਨਮ ਅਸਥਾਨ ਵਿਖੇ ਚੱਲ ਰਹੀਆਂ ਵੱਖੋ ਵੱਖ ਸੇਵਾਵਾਂ ਉੱਤੇ ਭੇਜਿਆ ਜਾਂਦਾ ਰਿਹਾ ਹੈ| ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਕੁੱਝ ਜੈਵਿੰਦਰ ਸਿੰਘ ਵੱਲੋਂ ਟਰੱਸਟ ਨੂੰ ਭਰੋਸੇ ਵਿਚ ਲਏ ਬਿਨ੍ਹਾਂ ਅਕਾਲ ਅਕੈਡਮੀ ਚੀਮਾ ਤੋਂ 24 ਲੱਖ ਰੁਪਏ ਅਤੇ ਕੁੱਝ ਗੱਡੀਆਂ ਦੀ ਖ਼ਰੀਦੋ ਫ਼ਰੋਖ਼ਤ ਦਾ ਹਿਸਾਬ ਟਰੱਸਟ ਵੱਲੋਂ ਮੰਗਣ ਉੱਤੇ ਵਧਿਆ ਹੈ| ਚੀਮਾ ਨਿਵਾਸੀਆਂ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਨਾ ਹੋਣ ਕਾਰਨ ਜੈਵਿੰਦਰ ਸਿੰਘ ਅਤੇ ਉਨ੍ਹਾਂ ਦੇ ਕੁੱਝ ਸਾਥੀਆਂ ਵੱਲੋਂ ਗ਼ਲਤ ਢੰਗ ਨਾਲ ਪੇਸ਼ ਕਰ ਕੇ ਟਰੱਸਟ ਿਖ਼ਲਾਫ਼ ਭੜਕਾਇਆ ਜਾ ਰਿਹਾ ਹੈ|
ਬਾਬਾ ਇਕਬਾਲ ਸਿੰਘ ਨੇ ਦੱਸਿਆ ਕਿ ਅਕਾਲ ਅਕੈਡਮੀ ਚੀਮਾ ਅਤੇ ਗੁਰਦੁਆਰਾ ਜਨਮ ਅਸਥਾਨ ਉੱਤੇ ਚੱਲ ਰਹੀਆਂ ਸੇਵਾਵਾਂ ਉੱਤੇ ਟਰੱਸਟ ਵੱਲੋਂ ਕਰੀਬ 25 ਲੱਖ ਰੁਪਏ ਪ੍ਰਤੀ ਮਹੀਨਾ ਖਰਚਾ ਆਉਂਦਾ ਹੈ| ਦਿੱਲੀ ਦੇ ਕੁੱਝ ਵਪਾਰੀਆਂ ਦੇ ਨਿੱਜੀ ਹਿਤਾਂ ਲਈ ਟਰੱਸਟ ਦੇ ਪੈਸੇ ਦੀ ਵਰਤੋਂ ਦੇ ਉੱਠ ਰਹੇ ਸਵਾਲਾਂ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਟਰੱਸਟ ਦਾ ਇੱਕ ਇੱਕ ਪੈਸੇ ਦਾ ਆਡਿਟ ਹੁੰਦਾ ਹੈ ਜਿਸ ਕਾਰਨ ਟਰੱਸਟ ਦੇ ਪੈਸੇ ਦੁਰਵਰਤੋਂ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ| ਵਿਦੇਸ਼ ਵਿਚ ਟਰੱਸਟ ਨੂੰ ਭੇਜੀ ਜਾਂਦੀ ਸੇਵਾ ਰੂਪੀ ਮਾਇਆ ਸੰਬੰਧੀ ਦਸਦਿਆਂ ਉਨ੍ਹਾਂ ਕਿਹਾ ਕਿ ਇਹ ਰਾਸ਼ੀ ਕੇਂਦਰ ਸਰਕਾਰ ਵੱਲੋਂ ਪੂਰੀ ਜਾਂਚ ਹੋਣ ਉਪਰੰਤ ਹੀ ਟਰੱਸਟ ਦੇ ਖਾਤਿਆਂ ਵਿਚ ਤਬਦੀਲ ਹੁੰਦੀ ਹੈ|
ਅਕਾਲ ਅਕੈਡਮੀਆਂ ਨੂੰ ਜੈਵਿੰਦਰ ਸਿੰਘ ਦੇ ਰਸੂਖ਼ ਕਾਰਨ ਦਾਨ ਵਿਚ ਮਿਲੀਆਂ ਜ਼ਮੀਨਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਬਾਬਾ ਇਕਬਾਲ ਸਿੰਘ ਨੇ ਕਿਹਾ ਜੇਕਰ ਜੈਵਿੰਦਰ ਸਿੰਘ ਦੇ ਰਸੂਖ ਕਾਰਨ ਇਹ ਜ਼ਮੀਨਾਂ ਮਿਲੀਆਂ ਹਨ ਤਾਂ ਉਹ ਹੋਰ ਜ਼ਮੀਨਾਂ ਲੈ ਕੇ ਵਿੱਦਿਅਕ ਅਦਾਰੇ ਬਣਾ ਲੈਣ| ਅਕਾਲ ਅਕੈਡਮੀ ਚੀਮਾ ਦੀ ਜ਼ਮੀਨ ਬਾਬਤ ਉਨ੍ਹਾਂ ਕਿਹਾ ਕਿ ਇਹ ਜ਼ਮੀਨ ਜੈਵਿੰਦਰ ਸਿੰਘ ਦੀਆਂ ਸੇਵਾਵਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਟਰੱਸਟ ਵੱਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਲੀਜ਼ ਉੱਤੇ ਲਈ ਜਾ ਚੁੱਕੀ ਸੀ|
ਜੈਵਿੰਦਰ ਸਿੰਘ ਅਤੇ ਉਨ੍ਹਾਂ ਦੇ ਕੁੱਝ ਸਾਥੀਆਂ ਵੱਲੋਂ ਟਰੱਸਟ ਦੇ ਮੁਖੀ ਬਾਬਾ ਇਕਬਾਲ ਸਿੰਘ ਦੀ ਵਡੇਰੀ ਉਮਰ ਕਾਰਨ ਟਰੱਸਟ ਦਾ ਕੰਮ ਕਾਜ ਕੁੱਝ ਹੋਰ ਲੋਕਾਂ ਵੱਲੋਂ ਚਲਾਏ ਜਾਣ ਦੇ ਕੀਤੇ ਜਾ ਰਹੇ ਪ੍ਰਚਾਰ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਕਿਹਾ ਕਿ ਟਰੱਸਟ ਦਾ ਦਾਇਰਾ ਵੱਡਾ ਹੋਣ ਕਾਰਨ ਉਨ੍ਹਾਂ ਨਾਲ ਉੱਚ ਯੋਗਤਾਵਾਂ ਰੱਖਣ ਵਾਲੇ ਵਿਅਕਤੀ ਕੰਮ ਜ਼ਰੂਰ ਕਰ ਰਹੇ ਹਨ ਪਰ ਟਰੱਸਟ ਦਾ ਸਾਰਾ ਕੰਮ ਉਨ੍ਹਾਂ ਦੀ ਸਰਪ੍ਰਸਤੀ ਹੇਠ ਹੀ ਹੁੰਦਾ ਹੈ|
ਟਰੱਸਟ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬਣਾਈ ਗਈ ਅਕਾਲ ਯੂਨੀਵਰਸਿਟੀ ਲਈ ਸਬੰਧੀ 121 ਕਰੋੜ ਰੁਪਏ ਦਾ ਕਰਜ਼ ਲਿਆ ਗਿਆ ਸੀ, ਜਿਸ ਦੀ 70 ਕਰੋੜ ਰੁਪਏ ਦੀ ਅਦਾਇਗੀ ਹਾਲੇ ਵੀ ਬਾਕੀ ਹੈ| ਉਨ੍ਹਾਂ ਕਿਹਾ ਕਿ ਟਰੱਸਟ ਦਾ ਮੁੱਖ ਮੰਤਵ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਵੱਲੋਂ ਵਿੱਦਿਆ ਦੇ ਪ੍ਰਸਾਰ ਦੀ ਚਲਾਈ ਗਈ ਮੁਹਿੰਮ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨਾ ਹੈ|
ਉਨ੍ਹਾਂ ਨਾਲ ਅਜੀਤ ਉਪ ਦਫ਼ਤਰ ਵਿਖੇ ਪੁੱਜੇ ਸੇਵਾਦਾਰ ਜਗਜੀਤ ਸਿੰਘ ਕਾਕਾ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਚਰਨਜੀਤ ਸਿੰਘ, ਗੁਰਮੀਤ ਸਿੰਘ, ਸੁਖਦੇਵ ਸਿੰਘ, ਜਗਜੀਤ ਸਿੰਘ ਗੋਗੀ ਅਤੇ ਬੀਬੀ ਚਰਨਜੀਤ ਕੌਰ ਨੇ ਕਿਹਾ ਕਿ ਦੇਸ਼ ਭਰ ਵਿਚ 130 ਅਕੈਡਮੀਆਂ, 2 ਯੂਨੀਵਰਸਿਟੀਆਂ ਅਤੇ ਹੋਰ ਵੱਖ ਵੱਖ ਸੇਵਾਵਾਂ ਨਿਭਾ ਰਹੇ ਕਲਗ਼ੀਧਰ ਟਰੱਸਟ ਦੇ ਮੁਖੀ ਬਾਬਾ ਇਕਬਾਲ ਸਿੰਘ ਸੰਬੰਧੀ ਜੈਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵਰਤੀ ਜਾ ਰਹੀ ਭੱਦੀ ਸਬਦਾਵਲੀ ਅਤੇ ਲਗਾਏ ਜਾ ਰਹੇ ਦੋਸ਼ਾਂ ਦੀ ਨਿੰਦਾ ਕੀਤੀ|
~ beta.ajitjalandhar.com