ਸੂਬਾ ਸਰਹਿੰਦ ਦੇ ਵਜ਼ੀਰ ਖਾਨ ਨੇ ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਹੀ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਸੀ। ਇਸ ਘਟਨਾ ਨੇ ਸਿੱਖ ਮਾਨਸਿਕਤਾ ’ਤੇ ਡੂੰਘਾ ਅਸਰ ਪਾਇਆ ਅਤੇ ਸਿੱਖਾਂ ਦੇ ਮਨਾਂ ਅੰਦਰ ਹਕੂਮਤ ਦੇ ਖ਼ਿਲਾਫ਼ ਨਫ਼ਰਤ ਦੀ ਅੱਗ ਨੂੰ ਹੋਰ ਭੜਕਾ ਦਿੱਤਾ। ਬਾਬਾ ਬੰਦਾ ਸਿੰਘ […]

ਸੂਬਾ ਸਰਹਿੰਦ ਦੇ ਵਜ਼ੀਰ ਖਾਨ ਨੇ ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਹੀ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਸੀ। ਇਸ ਘਟਨਾ ਨੇ ਸਿੱਖ ਮਾਨਸਿਕਤਾ ’ਤੇ ਡੂੰਘਾ ਅਸਰ ਪਾਇਆ ਅਤੇ ਸਿੱਖਾਂ ਦੇ ਮਨਾਂ ਅੰਦਰ ਹਕੂਮਤ ਦੇ ਖ਼ਿਲਾਫ਼ ਨਫ਼ਰਤ ਦੀ ਅੱਗ ਨੂੰ ਹੋਰ ਭੜਕਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਇਤਿਹਾਸ ਨੂੰ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ। ਇੱਕ ਪੰਥ ਦੋ ਕਾਜ। ਇੱਕ ਤਾਂ ਮਈ 12, 1710 ਈਸਵੀ ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਮਾਰਿਆ ਗਿਆ ਤੇ ਦੂਸਰਾ ਬਾਬਾ ਜੀ ਦੀ ਕਮਾਨ ਹੇਠ ਸਿੱਖਾਂ ਨੇ ਮਈ 14, 1710 ਈਸਵੀ ਨੂੰ ਸਰਹਿੰਦ ’ਤੇ ਕਬਜ਼ਾ ਕਰਕੇ ਸਿੱਖ ਰਾਜ ਦੀ ਸਥਾਪਨਾ ਦਾ ਮੁੱਢ ਬੰਨ੍ਹਿਆ।
ਇਹ ਓਹੀ ‘ਬੰਦਾ’ ਸੀ, ਜਿਸ ਦਾ ਜਨਮ 16 ਅਕਤੂਬਰ 1670 ਨੂੰ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਰਾਜੌਰੀ ਵਿਖੇ ਸ੍ਰੀ ਰਾਮ ਦੇਵ ਦੇ ਘਰ ਹੋਇਆ। ਬਚਪਨ ਦਾ ਨਾਂ ਲਛਮਣ ਦਾਸ ਤੇ ਪਿਤਾ ਜੀ ਇੱਕ ਰਾਜਪੂਤ ਕਿਸਾਨ ਸਨ।

3 ਸਤੰਬਰ, 1708 ਈਸਵੀ ਨੂੰ ਗੋਦਾਵਰੀ ਦੇ ਕੰਢੇ ਨੰਦੇੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਨੂੰ ‘ਬਹਾਦਰ’ ਦਾ ਖ਼ਿਤਾਬ ਦੇ ਕੇ, ਪੰਜ ਪਿਆਰਿਆਂ ਦੀ ਅਗਵਾਈ ਹੇਠ ਪੰਜਾਬ ਵੱਲ ਰਵਾਨਾ ਕੀਤਾ। ਪੰਜਾਬ ਵੱਲ ਵਧਦਿਆਂ ਹੀ ਵੱਡੀ ਗਿਣਤੀ ਵਿੱਚ ਸਿੰਘ ਉਨ੍ਹਾਂ ਦੀ ਫੌਜ ਵਿੱਚ ਸ਼ਾਮਲ ਹੁੰਦੇ ਗਏ। ਇਨ੍ਹਾਂ ਦੀ ਗਿਣਤੀ 40,000 ਤੱਕ ਪਹੁੰਚ ਗਈ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਨੂੰ ਆਉਂਦੇ ਸਮੇਂ ਕਈ ਜੰਗਾਂ ਜਿੱਤੀਆਂ। ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕਾਤਲ ਜਲਾਲ-ਉਲ-ਦੀਨ, ਜੋ ਸਮਾਣੇ ਦਾ ਰਹਿਣ ਵਾਲਾ ਸੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਨੂੰ ਵੀ ਮੌਤ ਦੇ ਘਾਟ ਉਤਾਰਿਆ। ਘੜਾਮ ਜੋ ਪਠਾਣਾਂ ਦਾ ਗੜ੍ਹ ਸੀ, ਉਸ ਨੂੰ ਮਲਬੇ ਦੇ ਢੇਰ ਵਿੱਚ ਬਦਲ ਦਿੱਤਾ।
12 ਮਈ, 1710 ਈਸਵੀ ਨੂੰ ਸ਼ੁੱਕਰਵਾਰ ਵਾਲੇ ਦਿਨ ਚੱਪੜਚਿੜੀ, ਜੋ ਸਰਹਿੰਦ ਤੋਂ 10 ਕੋਹ ਦੀ ਵਿੱਥ ’ਤੇ ਸੀ, ਫੈਸਲਾਕੁਨ ਯੁੱਧ ਸ਼ੁਰੂ ਹੋਇਆ। ਇਸ ਜੰਗ ਨੂੰ ਸੇਧ ਦੇਣ ਲਈ ਬਾਬਾ ਬੰਦਾ ਸਿੰਘ ਬਹਾਦਰ ਇੱਕ ਉੱਚੀ ਥਾਂ ’ਤੇ ਬੈਠ ਗਏ। ਸ਼ੁਰੂ ਵਿੱਚ ਤਾਂ ਸ਼ਾਹੀ ਫੌਜ ਦਾ ਪੱਲੜਾ ਭਾਰੀ ਰਿਹਾ। ਉਪ-ਕਮਾਂਡਰ ਭਾਈ ਬਾਜ ਸਿੰਘ, ਬਾਜ਼ੀ ਹੱਥੋਂ ਜਾਂਦੀ ਦੇਖ ਕੇ ਬਾਬਾ ਜੀ ਕੋਲ ਆ ਪਹੁੰਚਿਆ, ਜੋ ਪਹਿਲਾਂ ਹੀ ਸਭ ਕੁਝ ਦੇਖ ਰਹੇ ਸਨ। ਝੱਟ ਹੀ ਆਪਣੀ ਸੈਨਾ ਦੀਆਂ ਮੂਹਰਲੀਆਂ ਕਤਾਰਾਂ ਵਿੱਚ ਆ ਖੜੋਤੇ। ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ। ਉਹ ਤਾਂ ਇਉਂ ਮੁਗਲਾਂ ’ਤੇ ਟੁੱਟ ਪਏ ਜਿਉਂ ਭੁੱਖਾ ਸ਼ੇਰ ਆਪਣੀ ਗੁਫਾਂ ’ਚੋਂ ਨਿਕਲਿਆ ਹੋਵੇ। ਹਮਲਾ ਏਨਾ ਜ਼ਬਰਦਸਤ ਸੀ ਕਿ ਦੁਸ਼ਮਣ ਦੇ ਪੈਰ ਉਖੜਨੇ ਸ਼ੁਰੂ ਹੋ ਗਏ। ਇਸ ਖੂਨ-ਡੋਲ੍ਹਵੀਂ ਲੜਾਈ ਵਿੱਚ ਸੂਬੇਦਾਰ ਵਜ਼ੀਰ ਖਾਨ ਮਾਰਿਆ ਗਿਆ। ਵਜ਼ੀਰ ਖਾਨ ਦੀ ਫੌਜ ਵਿੱਚ ਭਗਦੜ ਮੱਚ ਗਈ ਅਤੇ ਸਿੱਖ ਜਿੱਤ ਦੇ ਝੰਡੇ ਲਹਿਰਾਉਂਦੇ ਹੋਏ ਸਰਹਿੰਦ ਵੱਲ ਵਧਣ ਲੱਗੇ।
ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਇੱਕ ਸਿਰਕੱਢ ਜਰਨੈਲ ਭਾਈ ਫਤਹਿ ਸਿੰਘ ਨੇ ਸੂਬੇਦਾਰ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਮੈਕਾਲਿਫ, ਅੰਗਰੇਜ਼ ਸਾਹਿਤਕਾਰ, ਲਿਖਦਾ ਹੈ ਕਿ ਜਦੋਂ ਸਾਰੇ ਮੁਸਲਮਾਨ ਮਾਰੇ ਗਏ ਸਨ ਤਾਂ ਬਾਬਾ ਬੰਦਾ ਸਿੰਘ ਬਹਾਦਰ ਤੇ ਸੂਬੇਦਾਰ ਆਪਸ ਵਿੱਚ ਆਹਮੋ-ਸਾਹਮਣੇ ਆ ਗਏ। ਬਾਬਾ ਜੀ ਨੇ ਤਲਵਾਰ ਦੇ ਇਕੋ ਵਾਰ ਨਾਲ ਵਜ਼ੀਰ ਖਾਨ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਫੌਜ ਵਿੱਚ ਭਗਦੜ ਮੱਚ ਗਈ ਅਤੇ ਸਿੱਖ ਜਿੱਤ ਦੇ ਝੰਡੇ ਲਹਿਰਾਉਂਦੇ ਹੋਏ ਸਰਹੰਦ ਵੱਲ ਵਧਣ ਲੱਗੇ। 14 ਮਈ, 1710 ਈਸਵੀ ਨੂੰ ਸਿੱਖ ਜੇਤੂਆਂ ਦੀ ਸ਼ਕਲ ਵਿੱਚ ਸਰਹਿੰਦ ਵਿੱਚ ਦਾਖਲ ਹੋਏ। ਵਜ਼ੀਰ ਖਾਨ ਨੂੰ ਸਰਹਿੰਦ ਦੀ ਗਲੀ-ਗਲੀ ਵਿੱਚ ਘੁਮਾਇਆ ਗਿਆ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਦਾਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਸੁੱਚਾ ਨੰਦ ਦੀ ਹਵੇਲੀ ਵੀ ਤਬਾਹੀ ਦੇ ਮਲਬੇ ਵਿੱਚ ਬਦਲ ਦਿੱਤੀ। ਇਹ ਉਹੀ ਸੁੱਚਾ ਨੰਦ ਸੀ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਲੇ ਬਹੁਤ ਹੀ ਭੱਦੀ ਭੂਮਿਕਾ ਨਿਭਾਈ ਸੀ। ਉਸ ਦੇ ਨੱਕ ਵਿੱਚ ਲੋਹੇ ਦੀ ਮੁੰਦਰੀ ਪਾ ਕੇ ਸਾਰੇ ਸ਼ਹਿਰ ਵਿੱਚ ਘੁੰਮਾਇਆ ਗਿਆ।
ਵਜ਼ੀਰ ਖਾਨ ਦਾ ਵੱਡਾ ਪੁੱਤਰ ਸਭ ਕੁਝ ਛੱਡ ਕੇ ਦਿੱਲੀ ਭੱਜ ਗਿਆ। ਇੱਕ ਅੰਦਾਜ਼ੇ ਮੁਤਾਬਕ ਬਾਬਾ ਜੀ ਕੋਲ ਦੋ ਕਰੋੜ ਤੋਂ ਵੱਧ ਦੀ ਮਲਕੀਅਤ ਆਈ ਸੀ।
ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਫੌਜ ਦੇ ਸਿਰਕੱਢ ਜਰਨੈਲ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਅਤੇ ਭਾਈ ਆਲੀ ਸਿੰਘ ਨੂੰ ਉਸ ਦਾ ਡਿਪਟੀ ਥਾਪਿਆ। ਸਢੌਰਾ ਅਤੇ ਨਾਹਨ ਵਿਚਕਾਰਲੇ ਇਲਾਕੇ ਨੂੰ ਰਾਜਧਾਨੀ ਬਣਾਇਆ ਅਤੇ ਇਸ ਨੂੰ ‘ਲੋਹਗੜ੍ਹ’ ਦਾ ਨਾਮ ਦਿੱਤਾ। ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਸਿੱਕਾ ਜਾਰੀ ਕਰ ਕੇ ਸੁਤੰਤਰ ਸਿੱਖ ਰਾਜ ਦੀ ਘੋਸ਼ਣਾ ਕੀਤੀ। ਇੱਕ ਛੋਟੀ ਜਿਹੀ ਕੌਮ ਪਹਿਲੀ ਵਾਰੀ ਭਾਰਤ ਦੇ ਨਕਸ਼ੇ ’ਤੇ ਇੱਕ ਰਾਜਸੀ ਤਾਕਤ ਵਜੋਂ ਉਭਰ ਕੇ ਸਾਹਮਣੇ ਆਈ। ਗੱਲ ਕੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦਾ ਨੀਂਹ-ਪੱਥਰ ਰੱਖਿਆ।
ਅਜੋਕੀ ਸਿੱਖੀ ਡਾਂਵਾਡੋਲ ਹੋ ਰਹੀ ਹੈ ਅਤੇ ਸਿੱਖ ਆਪਣਾ ਕਿਰਦਾਰ ਭੁੱਲਦੇ ਜਾ ਰਹੇ ਨੇ। ਖਾਲਸਾ ਪੰਥ ਵਿੱਚ ਖਾਲਸ ਖਤਮ ਹੋ ਰਹੀ ਹੈ ਅਤੇ ਪਦਾਰਥਵਾਦ ਭਾਰੀ ਹੋ ਰਿਹਾ ਹੈ। ਸੋ, ਅੱਜ ਸਿੱਖੀ ਨੂੰ ਲੋੜ ਹੈ ਬਾਬਾ ਬੰਦਾ ਸਿੰਘ ਜਿਹੇ ਬਹਾਦਰਾਂ ਦੀ ਜਿਸ ਨੇ ਖਾਲਸਾ ਪੰਥ ਵਿੱਚ ਨਵੀਂ ਰੂਹ ਫੂਕੀ ਅਤੇ ਸਿੱਖਾਂ ਦੇ ਹੌਸਲੇ ਬੁਲੰਦ ਕੀਤੇ।