ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਦਸਮ ਪਾਤਸ਼ਾਹ ਨੇ ਖਾਲਸਾ ਸਾਜ ਕੇ ਮਹਾਨ ਕਾਰਨਾਮਾ ਕਰ ਦਿਖਾਇਆ। ਉਸ ਖਾਲਸੇ ਵਿਚ ਜ਼ੁਲਮ ਨਾਲ ਟੱਕਰ ਲੈਣ ਦਾ ਜਜ਼ਬਾ ਪੈਦਾ ਕੀਤਾ। ਕਈ ਜ਼ਾਲਮ ਆਏ, ਪਰ ਖਾਲਸੇ ਦਾ ਕੁਝ ਨਾ ਵਿਗਾੜ ਸਕੇ। ਖਾਲਸੇ ਦੇ ਦਲੇਰਾਨਾ ਕਾਰਨਾਮਿਆਂ ਕਰਕੇ ਜ਼ਾਲਮ ਥਰ-ਥਰ ਕੰਬਦੇ ਸਨ। ਐਸੇ ਕਈ ਸਿੰਘ ਖਾਲਸਾ ਫੌਜ ਦੀ […]

ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਦਸਮ ਪਾਤਸ਼ਾਹ ਨੇ ਖਾਲਸਾ ਸਾਜ ਕੇ ਮਹਾਨ ਕਾਰਨਾਮਾ ਕਰ ਦਿਖਾਇਆ। ਉਸ ਖਾਲਸੇ ਵਿਚ ਜ਼ੁਲਮ ਨਾਲ ਟੱਕਰ ਲੈਣ ਦਾ ਜਜ਼ਬਾ ਪੈਦਾ ਕੀਤਾ। ਕਈ ਜ਼ਾਲਮ ਆਏ, ਪਰ ਖਾਲਸੇ ਦਾ ਕੁਝ ਨਾ ਵਿਗਾੜ ਸਕੇ। ਖਾਲਸੇ ਦੇ ਦਲੇਰਾਨਾ ਕਾਰਨਾਮਿਆਂ ਕਰਕੇ ਜ਼ਾਲਮ ਥਰ-ਥਰ ਕੰਬਦੇ ਸਨ। ਐਸੇ ਕਈ ਸਿੰਘ ਖਾਲਸਾ ਫੌਜ ਦੀ ਜਿੰਦ ਜਾਨ ਸਨ, ਜਿਨ੍ਹਾਂ ਵਿਚੋਂ ਬਾਬਾ ਦੀਪ ਸਿੰਘ, ਬਾਬਾ ਨੌਧ ਸਿੰਘ ਤੇ ਬਾਬਾ ਸੇਵਾ ਸਿੰਘ (ਦੋਨੋਂ ਭਰਾ ਸਨ)। ਬਾਬਾ ਨੌਧ ਸਿੰਘ ਦਾ ਜਨਮ 1662 ਈ: ਨੂੰ ਪਿੰਡ ਚੀਚਾ ਜ਼ਿਲ੍ਹਾ ਅੰਮ੍ਰਿਤਸਰ ਵਿਚ ਪਿਤਾ ਬਾਬਾ ਲੱਧਾ ਜੀ ਨੰਬਰਦਾਰ ਦੇ ਘਰ ਹੋਇਆ। ਬਾਬਾ ਸੇਵਾ ਸਿੰਘ ਆਪ ਦੇ ਵੱਡੇ ਭਰਾ ਸਨ।

ਆਪ ਦੋਵਾਂ ਭਰਾਵਾਂ ਨੇ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਉਪਰੰਤ ਦੋਵੇਂ ਭਰਾ ‘ਗੁੱਜਰ ਸਿੰਘ ਭੰਗੀ’ ਦੇ ਜਥੇ ਦੇ ਸਰਗਰਮ ਮੈਂਬਰ ਬਣ ਗਏ। 29 ਮਾਰਚ, 1748 ਨੂੰ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਸਰਬੱਤ ਖਾਲਸੇ ਦੇ ਇਕੱਠ ਵਿਚ 65 ਜਥਿਆਂ ਨੂੰ 11 ਮਿਸਲਾਂ ਵਿਚ ਵੰਡਿਆ ਗਿਆ। ਬਾਬਾ ਦੀਪ ਸਿੰਘ ਨੂੰ ਮਿਸਲ ਸ਼ਹੀਦਾਂ ਦਾ ਜਥੇਦਾਰ ਥਾਪਿਆ ਗਿਆ। ਕੁਝ ਸਮੇਂ ਬਾਅਦ ਬਾਬਾ ਨੌਧ ਸਿੰਘ ਨੇ ਆਪਣੀ ਮਿਸਲ ਦੀ ਅਗਵਾਈ ਕਰਦਿਆਂ 5 ਪਿੰਡਾਂ ‘ਤੇ ਕਬਜ਼ਾ ਜਮਾ ਲਿਆ। ਉਸ ਵਕਤ ਬਾਬਾ ਦੀਪ ਸਿੰਘ ਦਮਦਮਾ ਸਾਹਿਬ ਵਿਚ ਸਨ। ਇਧਰ ਬਾਬਾ ਨੌਧ ਸਿੰਘ ਨੇ ਵੀ ਆਪਣੀ ਸਾਰੀ ਜ਼ਿੰਮੇਵਾਰੀ ਆਪਣੇ ਚਾਰ ਸਪੁੱਤਰਾਂ ਬਾਬਾ ਗੁਰਬਖਸ਼ ਸਿੰਘ, ਭਾਗ ਸਿੰਘ, ਆਗਿਆ ਸਿੰਘ ਤੇ ਛੋਟੇ ਬਾਬਾ ਅੱਕਾ ਸਿੰਘ ਨੂੰ ਸੌਂਪ ਕੇ ਆਪ ਬਾਬਾ ਦੀਪ ਸਿੰਘ ਪਾਸ ਦਮਦਮਾ ਸਾਹਿਬ ਚਲੇ ਗਏ। ਬਾਬਾ ਦੀਪ ਸਿੰਘ ਨੇ ਆਪ ਨੂੰ ਆਪਣੇ ਜਥੇ ਦੇ ਮੀਤ ਜਥੇਦਾਰ ਵਜੋਂ ਸੇਵਾ ਸੌਂਪ ਦਿੱਤੀ।

ਉਧਰ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ, ਜਰਨੈਲ ਜਹਾਨ ਖਾਂ ਅਤੇ ਸਰਬੁਲੰਦ ਖਾਂ ਨੂੰ ਅੰਮ੍ਰਿਤਸਰ ਸਿੱਖਾਂ ਦਾ ਮਲੀਆਮੇਟ ਕਰਨ ਲਈ ਭੇਜਿਆ। ਇਨ੍ਹਾਂ ਦੋਵਾਂ ਨੇ ਆਉਂਦਿਆਂ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ, ਪਵਿੱਤਰ ਹਰਿਮੰਦਰ ਸਾਹਿਬ ਦੀ ਮਰਿਆਦਾ ਭੰਗ ਕੀਤੀ, ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਤੇ ਆਪਣੀਆਂ ਮਨਮਾਨੀਆਂ ਕਰਨ ਲੱਗੇ। ਇਹ ਖ਼ਬਰ ਭਾਗ ਸਿੰਘ ਨਿਹੰਗ ਸਿੰਘ ਨੇ ਦਮਦਮਾ ਸਾਹਿਬ ਜਾ ਕੇ ਬਾਬਾ ਦੀਪ ਸਿੰਘ ਨੂੰ ਦੱਸੀ। ਉਸ ਵਕਤ ਬਾਬਾ ਜੀ ਬਾਣੀ ਲਿਖ ਰਹੇ ਸਨ। ਬਾਬਾ ਦੀਪ ਸਿੰਘ ਸਿੰਘਾਂ ਨੂੰ ਇਕੱਠੇ ਕਰਕੇ ਮਾਝੇ ਦੀ ਧਰਤੀ ‘ਤੇ ਪਹੁੰਚ ਗਏ। ਇਹ ਗੱਲ 1757 ਈ: ਦੀ ਹੈ।

ਸਿੰਘਾਂ ਤੇ ਦੁਰਾਨੀਆਂ ਦਾ ਟਾਕਰਾ ਪਿੰਡ ਗੋਹਲਵੜ ਦੇ ਮੈਦਾਨ ਵਿਚ ਹੋਇਆ। ਸਿੰਘ ਤੇ ਦੁਰਾਨੀ ਲੜਦੇ ਹੋਏ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਂਝੀ ਜੂਹ ‘ਚ ਆਹਮੋ- ਸਾਹਮਣੇ ਹੋ ਗਏ। ਬਾਬਾ ਜੀ ਨੂੰ ਵੈਰੀਆਂ ਦੇ ਟਿੱਡੀ ਦਲ ਨੇ ਘੇਰਾ ਪਾ ਲਿਆ। ਅੰਤ ਬਾਬਾ ਜੀ ਧਰਮ ਦੀ ਜੰਗ ਖਾਤਰ ਲੜਦੇ ਹੋਏ ਸ਼ਹੀਦ ਹੋ ਗਏ। ਸ਼ਹੀਦੀ ਵੇਲੇ ਬਾਬਾ ਜੀ ਦੀ ਉਮਰ 95 ਸਾਲ ਸੀ। ਸਿੱਖਾਂ ਦਾ ਵੀ ਬਹੁਤ ਨੁਕਸਾਨ ਹੋਇਆ।

ਨਾਮਵਰ ਸਿੰਘ ਇਸ ਯੁੱਧ ਵਿਚ ਵੈਰੀ ਨਾਲ ਲੋਹਾ ਲੈਂਦੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਸ਼ਹੀਦ ਹੋ ਗਏ। ਇਨ੍ਹਾਂ ਸ਼ਹੀਦ ਸਿੰਘਾਂ ਦੇ ਗੁਰਦੁਆਰੇ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਂਝੀ ਜੂਹ ‘ਚ ਸੁਸ਼ੋਭਿਤ ਹਨ। ਬਾਬਾ ਨੌਧ ਸਿੰਘ ਦਾ ਗੁਰਦੁਆਰਾ (ਸ਼ਹੀਦੀ ਅਸਥਾਨ) ਤਰਨ ਤਾਰਨ ਰੋਡ ਦੇ ਉੱਪਰ ਸਥਿਤ ਹੈ, ਜਿਸ ਦੀ ਸੇਵਾ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੱਖਣ ਸਿੰਘ ਕਰਵਾ ਰਹੇ ਹਨ। ਜਥੇਦਾਰ ਬਾਬਾ ਗੱਜਣ ਸਿੰਘ ਗੁਰਦੁਆਰਾ ਸਾਹਿਬ ਦੀ ਦੇਖ-ਰੇਖ ਦਾ ਕਾਰਜ ਕਰ ਰਹੇ ਹਨ।

~ Source : Sikhism